ਦਲਬੀਰ ਸੱਖੋਵਾਲੀਆ
ਗੈਂਗਸਟਰ ਵਿਰੋਧੀ ਟਾਸਕ ਫੋਰਸ (ਏ ਜੀ ਟੀ ਐੱਫ) ਪੰਜਾਬ ਅਤੇ ਬਟਾਲਾ ਪੁਲੀਸ ਨੇ ਸਾਂਝੇ ਅਪਰੇਸ਼ਨ ਦੌਰਾਨ ਗੈਂਗਸਟਰ ਜੱਗੂ ਭਗਵਾਨਪੁਰੀਆ ਗਰੋਹ ਦੇ ਮੈਂਬਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਦੋ ਆਧੁਨਿਕ ਪਿਸਤੌਲ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਗੁਰਲਵ ਸਿੰਘ ਉਰਫ਼ ਲਵ ਰੰਧਾਵਾ ਵਾਸੀ ਉਜਾਗਰ ਨਗਰ ਬਟਾਲਾ ਵਜੋਂ ਹੋਈ ਹੈ। ਮੁਲਜ਼ਮ ਕੋਲੋਂ ਦੋ ਪਿਸਤੌਲ, ਤਿੰਨ ਮੈਗਜ਼ੀਨ ਅਤੇ 16 ਕਾਰਤੂਸ ਬਰਾਮਦ ਕੀਤੇ ਹਨ। ਡੀ ਜੀ ਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਮੁਲਜ਼ਮ ਆਪਣੇ ਵਿਦੇਸ਼ੀ ਹੈਂਡਲਰ ਅੰਮ੍ਰਿਤ ਦਾਲਮ ਦੇ ਨਿਰਦੇਸ਼ਾਂ ’ਤੇ ਕੰਮ ਕਰਦਾ ਸੀ। ਮਾਮਲੇ ਵਿੱਚ ਜਾਂਚ ਜਾਰੀ ਹੈ। ਇਸੇ ਤਰ੍ਹਾਂ ਏ ਜੀ ਟੀ ਐੱਫ ਦੇ ਵਧੀਕ ਡਾਇਰੈਕਟਰ ਜਨਰਲ ਆਫ ਪੁਲੀਸ (ਏ ਡੀ ਜੀ ਪੀ) ਪ੍ਰਮੋਦ ਬਾਨ ਨੇ ਦੱਸਿਆ ਕਿ ਪੁਖ਼ਤਾ ਇਤਲਾਹ ’ਤੇ ਡੀ ਐੱਸ ਪੀ ਏ ਜੀ ਟੀ ਐੱਫ ਰਾਜਨ ਪਰਮਿੰਦਰ ਦੀ ਅਗਵਾਈ ਹੇਠ ਏ ਜੀ ਟੀ ਐੱਫ ਦੀਆਂ ਟੀਮਾਂ ਨੇ ਬਟਾਲਾ ਪੁਲੀਸ ਨਾਲ ਸਾਂਝੀ ਕਾਰਵਾਈ ਤਹਿਤ ਬਟਾਲਾ-ਕਾਦੀਆਂ ਰੋਡ ਦੇ ਟੀ ਪੁਆਇੰਟ ਤੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਬਟਾਲਾ ਦੇ ਐੱਸ ਐੱਸ ਪੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਮੁਲਜ਼ਮ ਗੁਰਲਵ ਰੰਧਾਵਾ ਦਾ ਅਪਰਾਧਕ ਪਿਛੋਕੜ ਹੈ।
ਉਹ ਅਸਲਾ ਐਕਟ, ਚੋਰੀ, ਠੱਗੀ ਸਣੇ ਹੋਰ ਕਈ ਕੇਸਾਂ ਵਿੱਚ ਸ਼ਾਮਲ ਹੈ। ਬਟਾਲਾ ਦੇ ਸਿਵਲ ਲਾਈਨਜ਼ ਥਾਣੇ ਵਿੱਚ ਅਸਲਾ ਐਕਟ ਦੀ ਧਾਰਾ 25 ਤਹਿਤ ਐੱਫ ਆਈ ਆਰ ਨੰਬਰ 342 ਨੂੰ ਕੇਸ ਦਰਜ ਕੀਤਾ ਗਿਆ ਹੈ।

