DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਰਾਨ ਦੇ ਜਵਾਬੀ ਹਮਲਿਆਂ ਨਾਲ ਦਹਿਲਿਆ ਇਜ਼ਰਾਈਲ, 3 ਮੌਤਾਂ

ਦਰਜਨਾਂ ਜ਼ਖ਼ਮੀ; ਇਰਾਨ ’ਚ ਇਕ ਦਿਨ ਪਹਿਲਾਂ ਹੋਏ ਹਮਲਿਆਂ ’ਚ 78 ਮੌਤਾਂ
  • fb
  • twitter
  • whatsapp
  • whatsapp
featured-img featured-img
ਇਜ਼ਰਾਈਲ ਦੇ ਰਿਸ਼ੋਨ ਲੇਜ਼ੀਓਨ ਵਿੱਚ ਬਚਾਅ ਕਾਰਜਾਂ ’ਚ ਜੁਟੇ ਰਾਹਤ ਕਰਮੀ। -ਫੋਟੋ: ਰਾਇਟਰਜ਼
Advertisement

ਦੁਬਈ, 14 ਜੂਨ

ਇਰਾਨ ਨੇ ਸ਼ਨਿਚਰਵਾਰ ਸਵੇਰੇ ਇਜ਼ਰਾਈਲ ’ਤੇ ਜਵਾਬੀ ਹਮਲੇ ਕਰਦਿਆਂ ਮਿਜ਼ਾਈਲਾਂ ਅਤੇ ਡਰੋਨ ਦਾਗ਼ੇ ਜਿਸ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਵਿਅਕਤੀ ਜ਼ਖ਼ਮੀ ਹੋ ਗਏੇ। ਇਹ ਹਮਲਾ ਇਰਾਨ ਦੇ ਪਰਮਾਣੂ ਪ੍ਰੋਗਰਾਮ ਅਤੇ ਉਸ ਦੇ ਫੌਜੀ ਟਿਕਾਣਿਆਂ ’ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਮਗਰੋਂ ਹੋਇਆ ਹੈ। ਇਰਾਨ ਦੇ ਸੰਯੁਕਤ ਰਾਸ਼ਟਰ ’ਚ ਸਫ਼ੀਰ ਨੇ ਕਿਹਾ ਕਿ ਇਜ਼ਰਾਈਲ ਦੇ ਹਮਲਿਆਂ ’ਚ 78 ਵਿਅਕਤੀ ਮਾਰੇ ਗਏ ਹਨ ਅਤੇ 320 ਤੋਂ ਵੱਧ ਹੋਰ ਜ਼ਖ਼ਮੀ ਹੋਏ ਹਨ। ਇਰਾਨ ਨੇ ਜਵਾਬੀ ਕਾਰਵਾਈ ਕਰਦਿਆਂ ਇਜ਼ਰਾਈਲ ’ਤੇ ਡਰੋਨਾਂ ਅਤੇ ਬੈਲਿਸਟਿਕ ਮਿਜ਼ਾਈਲਾਂ ਦੀ ਬੁਛਾੜ ਕਰ ਦਿੱਤੀ, ਜਿਸ ਦੇ ਧਮਾਕਿਆਂ ਨਾਲ ਯੇਰੂਸ਼ਲਮ ਅਤੇ ਤਲ ਅਵੀਵ ’ਚ ਕਈ ਇਮਾਰਤਾਂ ਹਿੱਲ ਗਈਆਂ। ਹਮਾਸ ਨਾਲ ਕਰੀਬ 20 ਮਹੀਨਿਆਂ ਤੋਂ ਜੂਝ ਰਹੀ ਇਜ਼ਰਾਇਲੀ ਫੌਜ ਨੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਹੈ। ਇਜ਼ਰਾਈਲ ਅਤੇ ਇਰਾਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਹਮਲੇ ਜਾਰੀ ਰਹਿਣਗੇ ਜਿਸ ਨਾਲ ਪੱਛਮੀ ਏਸ਼ੀਆ ’ਚ ਲੰਬੇ ਸਮੇਂ ਤੱਕ ਇਕ ਹੋਰ ਟਕਰਾਅ ਜਾਰੀ ਰਹਿਣ ਦਾ ਖ਼ਦਸ਼ਾ ਵੱਧ ਗਿਆ ਹੈ।

Advertisement

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਉਦੇਸ਼ ਮੁਲਕ ਲਈ ਕਿਸੇ ਵੀ ਇਰਾਨੀ ਖ਼ਤਰੇ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਇਰਾਨ ਦੇ ਲੋਕਾਂ ਨੂੰ ਆਪਣੇ ਆਗੂਆਂ ਖ਼ਿਲਾਫ਼ ਬਗ਼ਾਵਤ ਕਰਨ ਦਾ ਵੀ ਸੱਦਾ ਦਿੱਤਾ। ਇਜ਼ਰਾਈਲ ਦੇ ਹਮਲਿਆਂ ਕਾਰਨ ਅਮਰੀਕਾ ਅਤੇ ਇਰਾਨ ਵਿਚਾਲੇ ਪਰਮਾਣੂ ਸਮਝੌਤੇ ’ਤੇ ਅੱਗੇ ਦੀ ਗੱਲਬਾਤ ਵੀ ਸ਼ੱਕ ਦੇ ਘੇਰੇ ’ਚ ਆ ਗਈ ਹੈ। ਦੋਹਾਂ ਮੁਲਕਾਂ ਵਿਚਾਲੇ ਐਤਵਾਰ ਨੂੰ ਓਮਾਨ ’ਚ ਗੱਲਬਾਤ ਹੋਣੀ ਹੈ। ਇਰਾਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਇਸਮਾਈਲ ਬਗ਼ੇਈ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਮੁਲਕ ’ਤੇ ਇਜ਼ਰਾਇਲੀ ਹਮਲਿਆਂ ਮਗਰੋਂ ਅਮਰੀਕਾ ਨਾਲ ਪਰਮਾਣੂ ਵਾਰਤਾ ‘ਅਰਥਹੀਣ’ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨੇ ਆਪਣੀ ਅਪਰਾਧਕ ਕਾਰਵਾਈ ਰਾਹੀਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਂਝ ਉਸ ਨੇ ਇਹ ਆਖਣ ਤੋਂ ਗੁਰੇਜ਼ ਕੀਤਾ ਕਿ ਵਾਰਤਾ ਰੱਦ ਕਰ ਦਿੱਤੀ ਗਈ ਹੈ। ਸ਼ਨਿਚਰਵਾਰ ਸਵੇਰੇ ਇਰਾਨ ਦੇ ਲੋਕਾਂ ਨੂੰ ਸਰਕਾਰੀ ਟੀਵੀ ’ਤੇ ਇਜ਼ਰਾਈਲ ਉਪਰ ਕੀਤੇ ਗਏ ਹਮਲਿਆਂ ਦੀਆਂ ਵਾਰ ਵਾਰ ਕਲਿੱਪਾਂ ਦਿਖਾਈਆਂ। ਇਸ ਦੇ ਨਾਲ ਲੋਕਾਂ ਦੇ ਖੁਸ਼ੀ ਮਨਾਉਂਦੇ ਅਤੇ ਮਠਿਆਈਆਂ ਵੰਡਣ ਦੇ ਵੀਡੀਓ ਵੀ ਦਿਖਾਏ ਗਏੇ। ਇਰਾਨੀ ਖ਼ਬਰ ਏਜੰਸੀ ਤਸਨੀਮ ਨੇ ਤਹਿਰਾਨ ਦੇ ਮੇਹਰਾਬਾਦ ਕੌਮਾਂਤਰੀ ਹਵਾਈ ਅੱਡੇ ’ਤੇ ਅੱਗ ਲੱਗਣ ਦਾ ਦਾਅਵਾ ਕੀਤਾ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਸ ਨੇ ਤਹਿਰਾਨ ਦੇ ਖੇਤਰ ’ਚ ਹਵਾਈ ਸੁਰੱਖਿਆ ਸਮੇਤ ਦਰਜਨਾਂ ਨਿਸ਼ਾਨਿਆਂ ’ਤੇ ਰਾਤ ਭਰ ਹਮਲੇ ਕੀਤੇ। ਅਮਰੀਕਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਖ਼ਿੱਤੇ ’ਚ ਮੌਜੂਦ ਅਮਰੀਕੀ ਹਵਾਈ ਰੱਖਿਆ ਪ੍ਰਣਾਲੀ ਇਰਾਨ ਵੱਲੋਂ ਇਜ਼ਰਾਈਲ ’ਤੇ ਜਵਾਬੀ ਕਾਰਵਾਈ ’ਚ ਦਾਗ਼ੀਆਂ ਗਈਆਂ ਮਿਜ਼ਾਈਲਾਂ ਨੂੰ ਰੋਕਣ ’ਚ ਮਦਦ ਕਰ ਰਹੀ ਹੈ। -ਏਪੀ

ਇਜ਼ਰਾਇਲੀ ਹਮਲਿਆਂ ’ਚ ਇਰਾਨ ਦੇ ਦੋ ਹੋਰ ਜਰਨੈਲ ਮਰੇ

ਦੁਬਈ: ਇਰਾਨ ਨੇ ਇਜ਼ਰਾਇਲੀ ਹਮਲਿਆਂ ਵਿੱਚ ਆਪਣੇ ਹਥਿਆਰਬੰਦ ਬਲਾਂ ਦੇ ਦੋ ਹੋਰ ਉੱਚ ਰੈਂਕਿੰਗ ਵਾਲੇ ਜਨਰਲਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਇਰਾਨ ਦੇ ਸਰਕਾਰੀ ਟੀਵੀ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਹਮਲਿਆਂ ਵਿੱਚ ਜਾਨ ਗੁਆਉਣ ਵਾਲਿਆਂ ਦੀ ਪਛਾਣ ਫੌਜ ਦੇ ਜਨਰਲ ਸਟਾਫ ਦੇ ਖ਼ੁਫ਼ੀਆ ਉਪ ਮੁਖੀ ਜਨਰਲ ਗੁਲਾਮ ਰਜ਼ਾ ਮਹਿਰਾਬੀ ਅਤੇ ਅਪਰੇਸ਼ਨਜ਼ ਬਰਾਂਚ ਦੇ ਉਪ ਮੁਖੀ ਜਨਰਲ ਮਹਿਦੀ ਰੱਬਾਨੀ ਵਜੋਂ ਦੱਸੀ ਹੈ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਦੋਹਾਂ ਦੀ ਮੌਤ ਕਿੱਥੇ ਹੋਈ ਹੈ। ਇਜ਼ਰਾਈਲ ਨੇ ਸ਼ੁੱਕਰਵਾਰ ਨੂੰ ਇਰਾਨ ’ਤੇ ਹਮਲੇ ਕੀਤੇ ਸਨ, ਜਿਨ੍ਹਾਂ ਵਿੱਚ ਫੌਜ ਦੇ ਚੀਫ਼ ਆਫ਼ ਸਟਾਫ਼ ਅਤੇ ਨੀਮ ਫੌਜੀ ਬਲ ਦੇ ਮੁਖੀ ਸਣੇ ਹਥਿਆਰਬੰਦ ਬਲਾਂ ਦੇ ਕਈ ਸੀਨੀਅਰ ਅਧਿਕਾਰੀਆਂ ਦੀ ਮੌਤ ਹੋਈ ਹੈ। -ਏਪੀ

ਭਾਰਤੀ ਮਿਸ਼ਨ ਵੱਲੋਂ ਤਲ ਅਵੀਵ ’ਚ ਹੈਲਪਲਾਈਨ ਕਾਇਮ

ਯੇਰੂਸ਼ਲਮ: ਇਜ਼ਰਾਈਲ ਅਤੇ ਇਰਾਨ ਵਿਚਕਾਰ ਜੰਗ ਤੇਜ਼ ਹੋਣ ਮਗਰੋਂ ਤਲ ਅਵੀਵ ’ਚ ਭਾਰਤੀ ਸਫ਼ਾਰਤਖਾਨੇ ਨੇ ਐਮਰਜੈਂਸੀ ਹੈਲਪਲਾਈਨ ਸਥਾਪਤ ਕੀਤੀ ਹੈ। ਉਨ੍ਹਾਂ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਲਈ ਵੀ ਕਿਹਾ ਹੈ। ਭਾਰਤੀ ਸਫ਼ਾਰਤਖਾਨੇ ਨੇ ‘ਐੱਕਸ’ ’ਤੇ ਪੋਸਟ ’ਚ ਕਿਹਾ, ‘‘ਅਸੀਂ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਸਮੇਤ ਹਾਲਾਤ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ। ਜੇ ਕੋਈ ਐਮਰਜੈਂਸੀ ਆਉਂਦੀ ਹੈ ਤਾਂ 24X7 ਹੈਲਪਾਈਨ ਨੰਬਰ +97254-7520711 ਅਤੇ +97254-3278392 ’ਤੇ ਸੰਪਰਕ ਕੀਤਾ ਜਾ ਸਕਦਾ ਹੈ।’’ ਸਫ਼ਾਰਤਖਾਨੇ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਜ਼ਰਾਇਲੀ ਅਧਿਕਾਰੀਆਂ ਵੱਲੋਂ ਐਲਾਨੇ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਨ। -ਪੀਟੀਆਈ

ਫਲਸਤੀਨ ’ਚ ਭਾਰਤੀਆਂ ਨੂੰ ਚੌਕਸ ਰਹਿਣ ਦੀ ਸਲਾਹ

ਰਾਮੱਲ੍ਹਾ: ਰਾਮੱਲ੍ਹਾ ’ਚ ਭਾਰਤ ਦੇ ਨੁਮਾਇੰਦਾ ਦਫ਼ਤਰ ਨੇ ਫਲਸਤੀਨ ਵਿੱਚ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਚੌਕਸ ਰਹਿਣ ਅਤੇ ਖ਼ਿੱਤੇ ’ਚ ਤਣਾਅ ਦਰਮਿਆਨ ਬਿਨਾਂ ਕਿਸੇ ਕੰਮ ਦੇ ਬਾਹਰ ਨਾ ਨਿਕਲਣ। ਦਫ਼ਤਰ ਨੇ ਹੰਗਾਮੀ ਨੰਬਰ ਜਾਰੀ ਕਰਦਿਆਂ ਕਿਹਾ ਹੈ ਕਿ ਜੇ ਕੋਈ ਲੋੜ ਪਵੇ ਤਾਂ ਉਹ +970592916418 ’ਤੇ ਸੰਪਰਕ ਕਰ ਸਕਦੇ ਹਨ। ਭਾਰਤ ਨੇ ਫਲਸਤੀਨ ’ਚ ‘ਐਕਸ’ ’ਤੇ ਪੋਸਟ ਕੀਤਾ ਕਿ ਭਾਰਤੀ ਨਾਗਰਿਕ ਸਥਾਨਕ ਸੁਰੱਖਿਆ ਅਤੇ ਹੰਗਾਮੀ ਪ੍ਰਕਿਰਿਆਵਾਂ ਦੀ ਵੀ ਪਾਲਣਾ ਕਰਨ। -ਪੀਟੀਆਈ

ਇਰਾਨ ਕੋਲ ਹੈ ਪਰਮਾਣੂ ਸਮਝੌਤੇ ਦਾ ‘ਦੂਜਾ ਮੌਕਾ’: ਟਰੰਪ

ਵਾਸ਼ਿੰਗਟਨ: ਇਜ਼ਰਾਈਲ ਵੱਲੋਂ ਇਰਾਨ ’ਤੇ ਬੰਬਾਰੀ ਜਾਰੀ ਰੱਖਣ ਦਾ ਅਹਿਦ ਲਏ ਜਾਣ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਮਾਣੂ ਪ੍ਰੋਗਰਾਮ ’ਤੇ ਨੱਥ ਪਾਉਣ ਲਈ ਫੌਰੀ ਸਮਝੌਤਾ ਕਰੇ। ਟਰੰਪ ਨੇ ਪੱਛਮੀ ਏਸ਼ੀਆ ’ਚ ਇਸ ਨਾਜ਼ੁਕ ਦੌਰ ਨੂੰ ਇਰਾਨੀ ਲੀਡਰਸ਼ਿਪ ਲਈ ਇਕ ਸੰਭਾਵਿਤ ‘ਦੂਜੇ ਮੌਕੇ’ ਵਜੋਂ ਪੇਸ਼ ਕੀਤਾ ਤਾਂ ਜੋ ਹੋਰ ਵੱਧ ਤਬਾਹੀ ਤੋਂ ਬਚਿਆ ਜਾ ਸਕੇ। ਟਰੰਪ ਨੇ ਇਜ਼ਰਾਈਲ ਦੇ ਤਬਾਹਕੁਨ ਹਮਲਿਆਂ ਮਗਰੋਂ ਅੱਗੇ ਦੇ ਕਦਮਾਂ ਬਾਰੇ ਚਰਚਾ ਕਰਨ ਲਈ ਆਪਣੀ ਕੌਮੀ ਸੁਰੱਖਿਆ ਟੀਮ ਨਾਲ ਮੀਟਿੰਗ ਕੀਤੀ। ਵ੍ਹਾਈਟ ਹਾਊਸ ਨੇ ਕਿਹਾ ਕਿ ਇਰਾਨ ’ਤੇ ਕੀਤੇ ਗਏ ਹਮਲਿਆਂ ’ਚ ਉਹ ਸ਼ਾਮਲ ਨਹੀਂ ਹੈ। ਉਂਝ ਟਰੰਪ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਜ਼ਰਾਈਲ ਨੇ ਅਮਰੀਕਾ ਵੱਲੋਂ ਉਪਲੱਬਧ ਕਰਵਾਏ ਗਏ ਵਿਸ਼ਾਲ ਹਥਿਆਰ ਭੰਡਾਰਾਂ ਦੀ ਵਰਤੋਂ ਇਰਾਨ ਦੇ ਨਾਤਾਂਜ਼ ਸਥਿਤ ਮੁੱਖ ਪਰਮਾਣੂ ਕੇਂਦਰ, ਦੇਸ਼ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਅਤੇ ਚੋਟੀ ਦੇ ਪਰਮਾਣੂ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ। ਟਰੰਪ ਨੇ ਸੋਸ਼ਲ ਪਲੈਟਫਾਰਮ ‘ਟਰੁੱਥ’ ’ਤੇ ਕਿਹਾ ਕਿ ਉਨ੍ਹਾਂ ਇਰਾਨੀ ਆਗੂਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਉਹ ਪਰਮਾਣੂ ਸਮਝੌਤੇ ਲਈ ਰਾਜ਼ੀ ਨਾ ਹੋਇਆ ਤਾਂ ਉਸ ਦੀ ਸੋਚ ਤੋਂ ਵੱਧ ਬੁਰਾ ਹੋਵੇਗਾ। -ਏਪੀ

Advertisement
×