ਆਈ ਐੱਸ ਆਈ ਹੁਣ ਹੋਰ ਸੂਬਿਆਂ ਦੇ ਨੌਜਵਾਨਾਂ ਨੂੰ ਫਾਹੁਣ ਲੱਗੀ
ਸੂਬੇ ’ਚ ਪਹਿਲਾਂ ਜਦੋਂ ਵੀ ਦਹਿਸ਼ਤਗਰਦ ਫੜੇ ਜਾਂਦੇ ਸੀ ਜਾਂ ਫਿਰ ਕੋਈ ਵੱਡੀ ਵਾਰਦਾਤ ਹੁੰਦੀ ਸੀ ਤਾਂ ਸਭ ਤੋਂ ਪਹਿਲਾਂ ਬੱਬਰ ਖਾਲਸਾ ਜਾਂ ਫਿਰ ਕੱਟੜਵਾਦੀ ਜਥੇਬੰਦੀਆਂ ਦਾ ਲਿੰਕ ਹੀ ਨਿਕਲਦਾ ਸੀ। ਪਰ ਹੁਣ ਆਈ ਐੱਸ ਆਈ ਪੰਜਾਬ ਵਿੱਚ ਦਹਿਸ਼ਤੀ ਹਮਲੇ...
ਸੂਬੇ ’ਚ ਪਹਿਲਾਂ ਜਦੋਂ ਵੀ ਦਹਿਸ਼ਤਗਰਦ ਫੜੇ ਜਾਂਦੇ ਸੀ ਜਾਂ ਫਿਰ ਕੋਈ ਵੱਡੀ ਵਾਰਦਾਤ ਹੁੰਦੀ ਸੀ ਤਾਂ ਸਭ ਤੋਂ ਪਹਿਲਾਂ ਬੱਬਰ ਖਾਲਸਾ ਜਾਂ ਫਿਰ ਕੱਟੜਵਾਦੀ ਜਥੇਬੰਦੀਆਂ ਦਾ ਲਿੰਕ ਹੀ ਨਿਕਲਦਾ ਸੀ। ਪਰ ਹੁਣ ਆਈ ਐੱਸ ਆਈ ਪੰਜਾਬ ਵਿੱਚ ਦਹਿਸ਼ਤੀ ਹਮਲੇ ਕਰਨ ਲਈ ਹੋਰਨਾਂ ਸੂਬਿਆਂ ਦੇ ਨੌਜਵਾਨਾਂ ਨੂੰ ਵਰਤ ਰਹੀ ਹੈ। ਲੁਧਿਆਣਾ ਵਿੱਚ ਫੜੇ ਗਏ ਹੈਂਡ ਗ੍ਰਨੇਡ ਦੇ ਮਾਮਲਿਆਂ ਵਿੱਚ ਇਹ ਖੁਲਾਸਾ ਹੋਇਆ ਹੈ। ਇਨ੍ਹਾਂ ਦੋਵੇਂ ਵਾਰਦਾਤਾਂ ਵਿੱਚ ਕਾਬੂ ਮੁਲਜ਼ਮ ਰਾਜਸਥਾਨ, ਹਰਿਆਣਾ ਤੇ ਬਿਹਾਰ ਤੋਂ ਹਨ। ਇਹ ਸਾਰੇ ਹੀ ਲੁਧਿਆਣਾ ਵਿੱਚ ਰੇਕੀ ਕਰ ਕੇ ਹੈਂਡ ਗ੍ਰਨੇਡ ਲੈਣ ਆਏ ਸਨ। ਕੱਲ੍ਹ ਕਾਬੂ ਕੀਤੇ ਗਏ ਦੋਵੇਂ ਮੁਲਜ਼ਮ ਰਾਮ ਲਾਲ ਅਤੇ ਦੀਪੂ ਰਾਜਸਥਾਨ ਤੋਂ ਹਨ। ਉਸ ਤੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ’ਚੋਂ ਇੱਕ ਹਰਿਆਣਾ ਤੇ ਇੱਕ ਬਿਹਾਰ ਦਾ ਨੌਜਵਾਨ ਸੀ। ਅੱਜ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਜਿਹੜੇ ਵੀ ਮੁਲਜ਼ਮ ਫੜੇ ਗਏ ਹਨ, ਉਨ੍ਹਾਂ ਨੂੰ ਸਿਰਫ਼ ਹੈਂਡ ਗ੍ਰਨੇਡ ਹਾਸਲ ਕਰ ਕੇ ਅੱਗੇ ਸਪਲਾਈ ਕਰਨ ਦੇ ਹੁਕਮ ਮਿਲੇ ਸਨ, ਸਾਰੇ ਹੀ ਆਪਸ ਵਿੱਚ ਸੈਟੇਲਾਈਟ ਰਾਹੀਂ ਸੰਪਰਕ ਵਿੱਚ ਸਨ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਹ ਧਮਾਕੇ ਸਰਕਾਰੀ ਇਮਾਰਤਾਂ ਅਤੇ ਭੀੜ ਵਾਲੇ ਇਲਾਕਿਆਂ ਵਿੱਚ ਕਰਨੇ ਸਨ।
ਬਿਸ਼ਨੋਈ ਗਰੋਹ ਨਾਲ ਸੰਪਰਕ
ਲੁਧਿਆਣਾ (ਟਨਸ): ਲੁਧਿਆਣਾ ਪੁਲੀਸ ਨਾਲ ਮੁਕਾਬਲੇ ਵਿੱਚ ਜ਼ਖ਼ਮੀ ਹੋਏ ਦਹਿਸ਼ਤਗਰਦਾਂ ਤੋਂ ਪੁੱਛ-ਪੜਤਾਲ ਮਗਰੋਂ ਕਈ ਖੁਲਾਸੇ ਹੋਏ ਹਨ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਮੁਲਜ਼ਮਾਂ ਦੇ ਲਾਰੈਂਸ ਬਿਸ਼ਨੋਈ ਗਰੋਹ ਨਾਲ ਵੀ ਸੰਪਰਕ ਸਾਹਮਣੇ ਆਏ ਹਨ। ਬੌਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ’ਤੇ ਗੋਲੀਆਂ ਚਲਾਉਣ ਵਾਲੇ ਨਾਲ ਵੀ ਇਨ੍ਹਾਂ ਦੇ ਤਾਰ ਜੁੜੇ ਹਨ।

