ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਬੇਨਿਯਮੀਆਂ ਹੋਈਆਂ: ਚੀਮਾ
ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐੱਮਬੀ) ਵਿੱਚ ਭਾਈਵਾਲ ਹੋਰ ਸੂਬਿਆਂ ਦੇ ਲੰਮੇ ਸਮੇਂ ਤੋਂ ਬਕਾਏ ਦੀ ਵਸੂਲੀ ਲਈ ਜ਼ੋਰਦਾਰ ਢੰਗ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਵੱਲੋਂ ਸੂਬੇ ਦੇ ਹਿੱਤਾਂ ਪ੍ਰਤੀ ਅਣਦੇਖੀ ਨੇ ਦੂਜੇ ਰਾਜਾਂ ਨੂੰ ਆਪਣੇ ਨਿਰਧਾਰਤ ਹਿੱਸੇ ਤੋਂ ਵੱਧ ਪਾਣੀ ਪ੍ਰਾਪਤ ਕਰਨ ਅਤੇ ਬਣਦੀਆਂ ਦੇਣਦਾਰੀਆਂ ਦਾ ਸਮੇਂ ਸਿਰ ਭੁਗਤਾਨ ਨਾ ਕਰਨ ਦੀ ਖੁੱਲ੍ਹ ਦਿੱਤੀ। ਸ੍ਰੀ ਚੀਮਾ ਨੇ ਕਿਹਾ ਕਿ ਪੰਜਾਬ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਬੀਬੀਐੱਮਬੀ ਦੇਣਦਾਰੀ ਜੋ 113.24 ਕਰੋੜ ਰੁਪਏ ਹੈ, ਹੁਣ ਅਧਿਕਾਰਤ ਤੌਰ ’ਤੇ ਨਿਪਟਾਰੇ ਲਈ ਹਰਿਆਣਾ ਸਰਕਾਰ ਨੂੰ ਭੇਜ ਦਿੱਤੀ ਗਈ ਹੈ। ਇਸ ਵਿੱਚ ਐਕਸੀਅਨ ਬੀਐੱਮਐੱਲ ਕਨਾਲ ਡਿਵੀਜ਼ਨ, ਪਟਿਆਲਾ ਨੂੰ 103.92 ਕਰੋੜ ਰੁਪਏ ਅਤੇ ਮਾਨਸਾ ਕਨਾਲ ਡਿਵੀਜ਼ਨ, ਜਵਾਹਰਕੇ ਲਈ 9.32 ਕਰੋੜ ਰੁਪਏ ਸ਼ਾਮਲ ਹਨ। ਸ੍ਰੀ ਚੀਮਾ ਨੇ ਕਿਹਾ ਕਿ ਬੀਬੀਐੱਮਬੀ ’ਤੇ ਸੀਆਈਐੱਸਐੱਫ ਦੀ ਤਾਇਨਾਤੀ ਵਿਰੁੱਧ ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ। ਇਹ ਮਤਾ ਕੇਂਦਰ ਤੇ ਬੀਬੀਐੱਮਬੀ ਨੂੰ ਭੇਜਿਆ ਗਿਆ ਹੈ, ਜਿਸ ਵਿੱਚ ਬੀਬੀਐੱਮਬੀ ਦੀਆਂ ਜਾਇਦਾਦਾਂ ਨੂੰ ਸੁਰੱਖਿਅਤ ਕਰਨ ਲਈ ਪੰਜਾਬ ਪੁਲੀਸ ਦੀਆਂ ਸਮਰੱਥਾਵਾਂ ’ਤੇ ਪੂਰਾ ਭਰੋਸਾ ਪ੍ਰਗਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕਿਸੇ ਵੀ ਸ਼ਰਾਰਤੀ ਅਨਸਰ ਵੱਲੋਂ ਕਦੇ ਵੀ ਪੰਜਾਬ ਪੁਲੀਸ ਵੱਲੋਂ ਬੀਬੀਐੱਮਬੀ ਨੂੰ ਮੁਹੱਈਆ ਕਰਵਾਏ ਗਏ ਸੁਰੱਖਿਆ ਘੇਰੇ ਦੀ ਉਲੰਘਣਾ ਨਹੀਂ ਕੀਤੀ ਜਾ ਸਕੀ ਹੈ।