ਇਰਾਨੀ ਰਾਸ਼ਟਰਪਤੀ ਵੱਲੋਂ ਪਰਮਾਣੂ ਏਜੰਸੀ ਨਾਲ ਸਹਿਯੋਗ ਖ਼ਤਮ ਕਰਨ ਦੇ ਹੁਕਮ
ਦੁਬਈ: ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਮੁਲਕ ਦੇ ਅਹਿਮ ਪਰਮਾਣੂ ਕੇਂਦਰਾਂ ’ਤੇ ਅਮਰੀਕੀ ਹਵਾਈ ਹਮਲਿਆਂ ਮਗਰੋਂ ਅੱਜ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਨਾਲ ਸਹਿਯੋਗ ਖ਼ਤਮ ਕਰਨ ਦੇ ਹੁਕਮ ਦਿੱਤੇ ਹਨ। ਇਰਾਨ ਦੇ ਸਰਕਾਰੀ ਮੀਡੀਆ ਨੇ ਰਾਸ਼ਟਰਪਤੀ ਦੇ ਇਸ ਫ਼ੈਸਲੇ ਦੀ ਜਾਣਕਾਰੀ ਦਿੱਤੀ ਹੈ। ਇਰਾਨ ਦੀ ਸੰਸਦ ਨੇ ਆਈਏਈਏ ਨਾਲ ਸਹਿਯੋਗ ਖ਼ਤਮ ਕਰਨ ਦੇ ਸਬੰਧ ’ਚ ਕਾਨੂੰਨ ਪਾਸ ਕੀਤਾ ਸੀ, ਜਿਸ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ। ਇਸ ਕਾਨੂੰਨ ਨੂੰ ਸੰਵਿਧਾਨਕ ਨਿਗਰਾਨ ਜਥੇਬੰਦੀ ਤੋਂ ਵੀ ਮਨਜ਼ੂਰੀ ਮਿਲ ਗਈ ਹੈ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਇਸ ਕਦਮ ਨਾਲ ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨ ਸੰਸਥਾ ਆਈਏਈਏ ’ਤੇ ਕੀ ਅਸਰ ਪਵੇਗਾ। ਵੀਏਨਾ ਸਥਿਤ ਇਹ ਏਜੰਸੀ ਕਈ ਸਾਲਾਂ ਤੋਂ ਇਰਾਨ ਦੇ ਪਰਮਾਣੂ ਪ੍ਰੋਗਰਾਮ ਦੀ ਨਿਗਰਾਨੀ ਕਰਦੀ ਆ ਰਹੀ ਹੈ। ਕਾਨੂੰਨ ਪਾਸ ਹੋਣ ਮਗਰੋਂ ਇਰਾਨ ਦੀ ਸੁਪਰੀਮ ਕੌਮੀ ਸੁਰੱਖਿਆ ਪਰਿਸ਼ਦ ਨੂੰ ਇਹ ਬਿੱਲ ਲਾਗੂ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਂਝ ਇਸ ਪਰਿਸ਼ਦ ਨੇ ਜਨਤਕ ਤੌਰ ’ਤੇ ਕੁਝ ਵੀ ਨਹੀਂ ਕਿਹਾ ਹੈ ਪਰ ਰਾਸ਼ਟਰਪਤੀ ਇਸ ਪਰਿਸ਼ਦ ਦੇ ਮੁਖੀ ਹਨ ਅਤੇ ਉਨ੍ਹਾਂ ਦਾ ਹੁਕਮ ਇਸ ਵੱਲ ਸੰਕੇਤ ਕਰਦਾ ਹੈ ਕਿ ਬਿੱਲ ਲਾਗੂ ਕੀਤਾ ਜਾਵੇਗਾ। ਇਰਾਨ ਅਤੇ ਆਲਮੀ ਤਾਕਤਾਂ ਵਿਚਕਾਰ 2015 ’ਚ ਹੋਇਆ ਪਰਮਾਣੂ ਸਮਝੌਤਾ ਇਰਾਨ ਨੂੰ 3.67 ਫ਼ੀਸਦ ਤੱਕ ਯੂਰੇਨੀਅਮ ਸੋਧਣ ਦੀ ਇਜਾਜ਼ਤ ਦਿੰਦਾ ਸੀ ਜੋ ਕਿਸੇ ਪਰਮਾਣੂ ਬਿਜਲੀ ਪਲਾਂਟ ਨੂੰ ਚਲਾਉਣ ਲਈ ਕਾਫੀ ਹੈ ਪਰ ਇਹ ਹਥਿਆਰ ਬਣਾਉਣ ਲਈ ਲੋੜੀਂਦੇ ਯੂਰੇਨੀਅਮ (90 ਫ਼ੀਸਦ) ਦੀ ਮਾਤਰਾ ਤੋਂ ਬਹੁਤ ਘੱਟ ਸੀ। ਇਹ ਸਮਝੌਤਾ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਹੋਇਆ ਸੀ ਪਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 2018 ’ਚ ਇਸ ਸਮਝੌਤੇ ਨੂੰ ਰੱਦ ਕਰ ਦਿੱਤਾ ਸੀ। -ਏਪੀ