ਇਰਾਨ ਨੇ ਇਜ਼ਰਾਈਲ ਦੇ ਹਸਪਤਾਲ ਤੇ ਇਮਾਰਤਾਂ ’ਤੇ ਮਿਜ਼ਾਈਲਾਂ ਦਾਗ਼ੀਆਂ
ਤਲ ਅਵੀਵ, 19 ਜੂਨ
ਇਰਾਨ ਦੀਆਂ ਮਿਜ਼ਾਈਲਾਂ ਅੱਜ ਦੱਖਣੀ ਇਜ਼ਰਾਈਲ ਦੇ ਮੁੱਖ ਹਸਪਤਾਲ ਤੇ ਹੋਰ ਰਿਹਾਇਸ਼ੀ ਇਮਾਰਤਾਂ ’ਤੇ ਡਿੱਗੀਆਂ, ਜਿਸ ’ਚ ਕਈ ਵਿਅਕਤੀ ਜ਼ਖ਼ਮੀ ਹੋ ਗਏ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਲੇ ਦੀ ਨਿਖੇਧੀ ਕਰਦਿਆਂ ਇਸ ਦਾ ਕਰਾਰਾ ਜਵਾਬ ਦੇਣ ਦਾ ਐਲਾਨ ਕੀਤਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਜ਼ਰਾਇਲੀ ਹਮਲਿਆਂ ਤੋਂ ‘ਕੋਈ ਵੀ ਨਹੀਂ ਬਚ ਸਕਦਾ’। ਉਨ੍ਹਾਂ ਸੰਕੇਤ ਦਿੱਤਾ ਕਿ ਇਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੀ ਵੀ ਨਿਸ਼ਾਨੇ ’ਤੇ ਹੋ ਸਕਦੇ ਹਨ। ਦੂਜੇ ਪਾਸੇ ਇਜ਼ਰਾਈਲ ਨੇ ਇਰਾਨ ਦੇ ਅਰਾਕ ਭਾਰੀ ਜਲ ਰਿਐਕਟਰ ’ਤੇ ਹਮਲਾ ਕੀਤਾ ਹੈ, ਜਿਸ ’ਚ ਦਰਜਨਾਂ ਵਿਅਕਤੀ ਜ਼ਖ਼ਮੀ ਹੋਏ ਹਨ। ਇਜ਼ਰਾਇਲੀ ਮੀਡੀਆ ਨੇ ਮਿਜ਼ਾਈਲ ਹਮਲੇ ਕਾਰਨ ਨੁਕਸਾਨੀਆਂ ਖਿੜਕੀਆਂ ਤੇ ਇਲਾਕੇ ’ਚੋਂ ਉੱਠਦੇ ਸੰਘਣੇ ਕਾਲੇ ਧੂੰਏਂ ਦੀ ਫੁਟੇਜ ਪ੍ਰਸਾਰਿਤ ਕੀਤੀ ਹੈ। ਇਰਾਨ ਨੇ ਤਲ ਅਵੀਵ ’ਚ ਉੱਚੀ ਰਿਹਾਇਸ਼ੀ ਇਮਾਰਤ ਤੇ ਮੱਧ ਇਜ਼ਰਾਈਲ ’ਚ ਹੋਰ ਥਾਵਾਂ ’ਤੇ ਵੀ ਹਮਲੇ ਕੀਤੇ ਹਨ। ਇਜ਼ਰਾਈਲ ਦੀ ‘ਮੈਗਨ ਡੇਵਿਡ ਐਡਮ’ ਬਚਾਅ ਸੇਵਾ ਅਨੁਸਾਰ ਇਨ੍ਹਾਂ ਹਮਲਿਆਂ ’ਚ ਘੱਟ ਤੋਂ ਘੱਟ 40 ਵਿਅਕਤੀ ਜ਼ਖ਼ਮੀ ਹੋਏ ਹਨ। ਇਰਾਨੀ ਮਿਜ਼ਾਈਲ ਨੇ ‘ਸੋਰੋਕਾ ਮੈਡੀਕਲ ਸੈਂਟਰ’ ਨੂੰ ਨਿਸ਼ਾਨਾ ਬਣਾਇਆ ਜੋ ਇਜ਼ਰਾਈਲ ਦੇ ਦੱਖਣ ’ਚ ਸਥਿਤ ਮੁੱਖ ਹਸਪਤਾਲ ਹੈ। ਬਿਆਨ ’ਚ ਕਿਹਾ ਗਿਆ ਹੈ ਹਮਲੇ ਮਗਰੋਂ ਇੱਥੇ ਮੈਡੀਕਲ ਸੇਵਾ ਫਿਲਹਾਲ ਬੰਦ ਕਰ ਦਿੱਤੀ ਗਈ ਹੈ। ਇਸੇ ਦੌਰਾਨ ਇਰਾਨ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਨੇ ਅੱਜ ਕਿਹਾ ਕਿ ਇਜ਼ਰਾਈਲ ਨੇ ਇਰਾਨ ਦੇ ਅਰਾਕ ਭਾਰੀ ਜਲ ਰਿਐਕਟਰ ’ਤੇ ਹਮਲਾ ਕੀਤਾ ਹੈ। ਚੈਨਲ ਨੇ ਦੱਸਿਆ ਕਿ ਹਮਲੇ ਮਗਰੋਂ ‘ਕਿਸੇ ਤਰ੍ਹਾਂ ਦਾ ਰੇਡੀਏਸ਼ਨ ਖਤਰਾ ਨਹੀਂ’ ਹੈ ਅਤੇ ਹਮਲੇ ਤੋਂ ਪਹਿਲਾਂ ਹੀ ਕੇਂਦਰ ਖਾਲੀ ਕਰਵਾ ਲਿਆ ਗਿਆ ਸੀ। ਹਮਲੇ ਬਾਰੇ ਵੇਰਵੇ ਪ੍ਰਾਪਤ ਨਹੀਂ ਹੋ ਸਕੇ ਪਰ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਮੈਡੀਕਲ ਇਮਾਰਤ ਤੇ ਕੁਝ ਅਪਾਰਟਮੈਂਟ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੂਜੇ ਪਾਸੇ ਇਰਾਕ ਦੇ ਸਿਖਰਲੇ ਸ਼ਿਆ ਆਗੂ ਅਯਾਤੁੱਲ੍ਹਾ ਅਲੀ ਅਲ-ਸਿਸਤਾਨੀ ਨੇ ਅੱਜ ਇਰਾਨੀ ਹਮਲਿਆਂ ਦੀ ਨਿੰਦਾ ਕਰਦਿਆਂ ਚਿਤਾਵਨੀ ਦਿੱਤੀ ਕਿ ਇਰਾਨ ਦੀ ਸੀਨੀਅਰ ਧਾਰਮਿਕ ਤੇ ਸਿਆਸੀ ਲੀਡਰਸ਼ਿਪ ’ਤੇ ਹਮਲਾ ਪੂਰੇ ਖੇਤਰ ’ਚ ਬੇਕਾਬੂ ਬਦਅਮਨੀ ਭੜਕਾ ਸਕਦਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਦੋਵਾਂ ਧਿਰਾਂ ਨੂੰ ਤਣਾਅ ਘਟਾਉਣ ਦਾ ਸੱਦਾ ਦਿੱਤਾ ਹੈ। -ਏਪੀ
ਖਾਮੇਨੀ ਦਾ ਵਜੂਦ ਹੁਣ ਹੋਰ ਨਹੀਂ ਰਹੇਗਾ: ਇਜ਼ਰਾਈਲ
ਬੀਰਸ਼ੇਬਾ: ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਅੱਜ ਕਿਹਾ ਕਿ ਇਰਾਨ ਨੇ ਨਵੇਂ ਮਿਜ਼ਾਈਲ ਹਮਲਿਆਂ ਤੋਂ ਬਾਅਦ ਉਸ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੀ ਦਾ ‘ਵਜੂਦ ਹੁਣ ਹੋਰ ਨਹੀਂ ਰਹੇਗਾ।’ ਕਾਟਜ਼ ਨੇ ਕਿਹਾ, ‘ਖਾਮੇਨੀ ਜਿਹਾ ਤਾਨਾਸ਼ਾਹ ਜੋ ਇਰਾਨ ਜਿਹੇ ਦੇਸ਼ ਦਾ ਮੁਖੀ ਹੈ ਅਤੇ ਜਿਸ ਨੇ ਇਜ਼ਰਾਈਲ ਦੀ ਤਬਾਹੀ ਨੂੰ ਆਪਣਾ ਮਿਸ਼ਨ ਬਣਾ ਲਿਆ ਹੈ, ਹੁਣ ਉਸ ਦਾ ਵਜੂਦ ਹੋਰ ਨਹੀਂ ਰਹੇਗਾ।’ ਉਨ੍ਹਾਂ ਕਿਹਾ, ‘ਇਜ਼ਰਾਇਲੀ ਰੱਖਿਆ ਬਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਅਤੇ ਉਹ ਜਾਣਦੇ ਹਨ ਕਿ ਆਪਣੇ ਸਾਰੇ ਟੀਚੇ ਪ੍ਰਾਪਤ ਕਰਨ ਲਈ ਇਸ ਆਦਮੀ ਨੂੰ ਬਿਲਕੁਲ ਵੀ ਹੋਂਦ ’ਚ ਨਹੀਂ ਰਹਿਣਾ ਚਾਹੀਦਾ।’ -ਏਪੀ
ਇਜ਼ਰਾਈਲ ’ਚੋਂ ਆਪਣੇ ਰਾਜਦੂਤ ਕੱਢਣ ਲੱਗਾ ਅਮਰੀਕਾ
ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਇਜ਼ਰਾਈਲ ’ਚ ਅਮਰੀਕੀ ਦੂਤਾਵਾਸ ਤੋਂ ਗ਼ੈਰ ਜ਼ਰੂਰੀ ਕੂਟਨੀਤਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਜਹਾਜ਼ ਰਾਹੀਂ ਕਈ ਕੂਟਨੀਤਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੱਢਿਆ ਗਿਆ ਹੈ, ਜਿਨ੍ਹਾਂ ਨੂੰ ਬੀਤੇ ਦਿਨ ਦੇਸ਼ ਛੱਡਣ ਲਈ ਕਿਹਾ ਗਿਆ ਸੀ। ਇਸੇ ਤਰ੍ਹਾਂ ਜਪਾਨ, ਚੀਨ, ਇੰਡੋਨੇਸ਼ੀਆ ਤੇ ਓਮਾਨ ਨੇ ਕਿਹਾ ਕਿ ਉਹ ਇਰਾਨ ਤੇ ਇਜ਼ਰਾਈਲ ’ਚੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ ਕਰ ਰਹੇ ਹਨ। -ਏਪੀ