ਕੌਮਾਂਤਰੀ ਕਵਿਤਾ ਉਤਸਵ ਯਾਦਗਾਰੀ ਹੋ ਨਿੱਬੜਿਆ
ਪੰਜਾਬੀ, ਡੱਚ, ਫਰੈਂਚ, ਤਿੱਬਤੀ, ਸੰਥਾਲੀ, ਹਿੰਦੀ, ਅੰਗਰੇਜ਼ੀ ਕਵੀਆਂ ਨੇ ਰਚਨਾਵਾਂ ਪੇਸ਼ ਕੀਤੀਆਂ
ਇਥੇ ਪੰਜਾਬੀ ਯੂਨੀਵਰਸਿਟੀ ਵਿੱਚ ਦੋ ਦਿਨ ਚੱਲੇ ‘ਚੇਅਰ ਪੋਇਟਰੀ ਸੰਗਤ ਕੌਮਾਂਤਰੀ ਕਵਿਤਾ ਉਤਸਵ’ ਵਿੱਚ ਡੱਚ, ਫਰੈਂਚ, ਤਿੱਬਤੀ, ਸੰਥਾਲੀ, ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਅਸਾਮੀ ਕਵੀਆਂ ਨੇ ਆਪੋ-ਆਪਣੀ ਭਾਸ਼ਾਵਾਂ ਵਿੱਚ ਕਵਿਤਾਵਾਂ ਰਾਹੀਂ ਛਹਿਬਰ ਲਾ ਦਿੱਤੀ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੇ ਈ ਐੱਮ ਆਰ ਸੀ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਅਦਾਰਾ ‘ਸੰਗਤ ਪੰਜਾਬ’ ਅਤੇ ‘ਚੇਅਰ ਪੋਇਟਰੀ ਈਵਨਿੰਗਜ਼ ਕਲਕੱਤਾ’ ਵੱਲੋਂ ਕਰਵਾਏ ਇਸ ਉਤਸਵ ਦਾ ਮੁੱਖ ਸੈਸ਼ਨ ਯੂਨੀਵਰਸਿਟੀ ਸਾਇੰਸ ਆਡੀਟੋਰੀਅਮ ਵਿੱਚ ਹੋਇਆ। ਸ਼ਾਮ ਨੂੰ ਪੰਜਾਬੀ ਵਿਭਾਗ ਦੇ ਸਾਹਮਣੇ ‘ਕਾਵਿ ਸੱਥ’ ਦੌਰਾਨ ਕੀਰਾ ਵੁੱਕ, ਮੈਲੇਨੀ ਲੇਬਲਾਂ, ਤੇਨਜ਼ਿੰਗ ਸੂੰਦੇ, ਕੇਵਲ ਬਿਨਾਬੀ, ਪੀ ਰਮਨ, ਚੰਦਰ ਪ੍ਰਕਾਸ਼ ਦੇਵਲ, ਰਾਕੇਸ਼ ਰੰਜਨ, ਨਿਰਮਲਾ, ਪੁਤੂਲ ਮੁਰਮੂ, ਅੰਸ਼ੁਮਨ ਕਰ, ਪਾਲ ਕੌਰ, ਅਦਨਾਨ ਕਫ਼ੀਲ ਦਰਵੇਸ਼, ਗੁਰਤੇਜ ਕੋਹਾਰਵਾਲਾ, ਅੰਬਰੀਸ਼, ਗੁਰਪ੍ਰੀਤ, ਅਜੀਤਪਾਲ ਜਟਾਣਾ, ਬਿਪਨਪ੍ਰੀਤ, ਨਰਿੰਦਰਪਾਲ ਕੌਰ, ਮੁਕੇਸ਼ ਆਲਮ, ਪ੍ਰਿਯੰਵਦਾ ਸਿੰਘ ਇਲਹਾਨ, ਰਮਨ ਸੰਧੂ, ਸੁਖਦੇਵ, ਕਮਲਪ੍ਰੀਤ ਸਿੰਘ, ਸੁਖਵਿੰਦਰ ਸੁੱਖੀ, ਸੰਤੋਖ ਸਿੰਘ ਸੁੱਖੀ, ਰਣਧੀਰ ਅਤੇ ਅਨੂ ਬਾਲਾ ਨੇ ਰਚਨਾਵਾਂ ਪੇਸ਼ ਕੀਤੀਆਂ। ਡੱਚ ਭਾਸ਼ਾ ਦੇ ਕਵੀ ਕੀਰਾ ਵੁੱਕ ਨੇ ਕਿਹਾ, ‘‘ਅਸਾਂ ਜੇ ਮਿਆਰ ਆਪਣਾ ਬਹੁਤਾ ਉੱਚਾ ਨਾ ਰੱਖਿਆ ਹੁੰਦਾ ਤਾਂ ਅਸੀਂ ਠੀਕ-ਠਾਕ ਖੁਸ਼ ਹੁੰਦੇ।’’ ਅਦਾਰਾ ‘ਸੰਗਤ ਪੰਜਾਬ’ ਦੇ ਪ੍ਰਧਾਨ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਬਹੁ-ਭਾਸ਼ੀ ਕਵਿਤਾ ਉਤਸਵ ਨੇ ਭਾਰਤੀ ਤੇ ਵਿਦੇਸ਼ੀ ਕਵੀਆਂ ਨੂੰ ਇੱਕ ਮੰਚ ’ਤੇ ਲਿਆਂਦਾ ਹੈ।
ਕਵੀ ਸਵਾਮੀ ਅੰਤਰ ਨੀਰਵ ਨੇ ਕਿਹਾ ਕਿ ਇਹ ਉਤਸਵ ਨਵੀਂ ਪੀੜ੍ਹੀ ਲਈ ਸਾਹਿਤਕ ਸੰਵੇਦਨਾ ਦਾ ਮਹੱਤਵਪੂਰਨ ਮੰਚ ਸਾਬਤ ਹੋਵੇਗਾ। ਉਤਸਵ ਦੇ ਡਾਇਰੈਕਟਰ ਸਹਿਜਮੀਤ ਨੇ ਦੱਸਿਆ ਕਿ ਕਵੀਆਂ ਵੱਲੋਂ ਪੜ੍ਹੀਆਂ ਗਈਆਂ ਕਵਿਤਾਵਾਂ ਦੇ ਪੰਜਾਬੀ ਅਤੇ ਅੰਗਰੇਜ਼ੀ ਅਨੁਵਾਦ ਵੀ ਪੜ੍ਹੇ ਗਏ। ਮੰਚ ਸੰਚਾਲਨ ਕਵੀ ਨੀਤੂ, ਸਹਿਜਮੀਤ, ਆਲੀਸ਼ਾ ਅਤੇ ਮਨਜੀਤ ਨੇ ਕੀਤਾ।

