ਬੁੱਧੀਜੀਵੀਆਂ ਨੂੰ ਮੰਡੀ ਬੋਰਡ ਤੇ ਪੀ ਏ ਯੂ ਦੀ ਜ਼ਮੀਨਾਂ ਵੇਚਣ ’ਤੇ ਇਤਰਾਜ਼
ਮੌਜੂਦਾ ‘ਆਪ’ ਸਰਕਾਰ ਵੱਲੋਂ ਪੰਜਾਬ ਮੰਡੀ ਬੋਰਡ ਅਤੇ ਪੀ ਏ ਯੂ ਦੀਆਂ ਜ਼ਮੀਨਾਂ ਵੇਚਣ ਦੀਆਂ ਕੋਸ਼ਿਸ਼ਾਂ ਦਾ ਪੰਜਾਬ ਦੇ ਬੁੱਧੀਜੀਵੀ ਤੇ ਚਿੰਤਕਾਂ ਨੇ ਵਿਰੋਧ ਕੀਤਾ ਹੈ। ਇਸ ਬਾਰੇ ਪ੍ਰੋ. ਜਗਮੋਹਨ ਸਿੰਘ, ਸਵਰਾਜਬੀਰ, ਨਵਸ਼ਰਨ ਸਿੰਘ, ਸੁਖਦੇਵ ਸਿੰਘ ਸਿਰਸਾ, ਪਰਮਿੰਦਰ ਸਿੰਘ, ਅਮੋਲਕ...
ਮੌਜੂਦਾ ‘ਆਪ’ ਸਰਕਾਰ ਵੱਲੋਂ ਪੰਜਾਬ ਮੰਡੀ ਬੋਰਡ ਅਤੇ ਪੀ ਏ ਯੂ ਦੀਆਂ ਜ਼ਮੀਨਾਂ ਵੇਚਣ ਦੀਆਂ ਕੋਸ਼ਿਸ਼ਾਂ ਦਾ ਪੰਜਾਬ ਦੇ ਬੁੱਧੀਜੀਵੀ ਤੇ ਚਿੰਤਕਾਂ ਨੇ ਵਿਰੋਧ ਕੀਤਾ ਹੈ। ਇਸ ਬਾਰੇ ਪ੍ਰੋ. ਜਗਮੋਹਨ ਸਿੰਘ, ਸਵਰਾਜਬੀਰ, ਨਵਸ਼ਰਨ ਸਿੰਘ, ਸੁਖਦੇਵ ਸਿੰਘ ਸਿਰਸਾ, ਪਰਮਿੰਦਰ ਸਿੰਘ, ਅਮੋਲਕ ਸਿੰਘ, ਸੁਰਜੀਤ ਜੱਜ, ਸਰਬਜੀਤ ਸਿੰਘ, ਡਾ. ਅਰੀਤ ਕੌਰ, ਪ੍ਰੋ. ਚਮਨ ਲਾਲ, ਡਾ. ਕੰਵਲਜੀਤ ਕੌਰ ਢਿੱਲੋਂ ਅਤੇ ਪ੍ਰੋ. ਰਣਜੀਤ ਸਿੰਘ ਘੁੰਮਣ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਹਾਲੀ ਦੇ ਸੈਕਟਰ-65 ਵਿੱਚ ਸਥਿਤ ਪੰਜਾਬ ਮੰਡੀ ਬੋਰਡ ਦੀ ਆਧੁਨਿਕ ਫ਼ਲ ਤੇ ਸਬਜ਼ੀ ਮਾਰਕੀਟ ਦੀ 12 ਏਕੜ ਜ਼ਮੀਨ ਨੂੰ ਪੁੱਡਾ ਦੇ ਹਵਾਲੇ ਵਪਾਰਕ ਵਰਤੋਂ ਲਈ ਸੌਂਪ ਦਿੱਤਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਇਸ ਫ਼ਲ ਤੇ ਸਬਜ਼ੀ ਮਾਰਕੀਟ ਨੂੰ ਕਿਸਾਨਾਂ, ਆੜ੍ਹਤੀਆਂ ਅਤੇ ਖੇਤਾਬਾੜੀ ਭਾਈਚਾਰੇ ਦੀ ਭਲਾਈ ਲਈ ਬਣਾਇਆ ਗਿਆ ਸੀ ਪਰ ਸੂਬਾ ਸਰਕਾਰ ਨੇ ਇਸ ਨੂੰ ਵਪਾਰਕ ਵਰਤੋਂ ਲਈ ਸੌਂਪ ਦਿੱਤਾ ਹੈ। ਇਹ ਜ਼ਮੀਨ 700 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਹੈ, ਜਿਸ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਬਾ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਜ਼ਮੀਨ ’ਤੇ ਵੀ ਇਸੇ ਤਰ੍ਹਾਂ ਨਜ਼ਰ ਰੱਖਈ ਹੋਈ ਹੈ। ਪੀ ਏ ਯੂ ਪੰਜਾਬ ਵਿੱਚ ਹਰੀ ਕ੍ਰਾਂਤੀ ਦਾ ਮੂਲ ਥੰਮ ਹੈ। ਇਸ ਦੀ ਜ਼ਮੀਨ ਨੂੰ ਵੇਚਣ ਜਾਂ ਵਪਾਰਕ ਮਕਸਦ ਲਈ ਵਰਤਣ ਦੀ ਕੋਸ਼ਿਸ਼ ਪੰਜਾਬ ਦੀ ਖੇਤੀਬਾੜੀ ਪਛਾਣ ਤੇ ਖੋਜ ਢਾਂਚੇ ’ਤੇ ਸਿੱਧਾ ਹਮਲਾ ਹੋਵੇਗਾ। ਪੰਜਾਬ ਦੇ ਬੁੱਧੀਜੀਵੀਆਂ ਤੇ ਚਿੰਤਕਾਂ ਨੇ ਸੂਬਾ ਸਰਕਾਰ ਨੂੰ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਵਾਲੀ ਜ਼ਮੀਨ ਨੂੰ ਉਦਯੋਗਿਕ ਵਰਤੋਂ ਲਈ ਨਾ ਵੇਚਣ ਦੀ ਅਪੀਲ ਕੀਤੀ। ਇਸ ਦੇ ਨਾਲ ਪੰਜਾਬ ਵਿੱਚ ਖੇਤੀਬਾੜੀ ਜ਼ਮੀਨਾਂ ਨੂੰ ਬਚਾਉਣ ਲਈ ਸਾਰੀਆਂ ਜਥੇਬੰਦੀਆਂ ਨੂੰ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।