Influencer Murder Case: ਅੰਮ੍ਰਿਤਪਾਲ ਸਿੰਘ ‘ਕਮਲ ਕੌਰ ਭਾਬੀ’ ਦੀ ਹੱਤਿਆ ਮਗਰੋਂ ਯੂਏਈ ਭੱਜਿਆ
Amritpal Singh escaped to UAE after killing; police begin deportation process
ਪੁਲੀਸ ਨੇ ਮੁਲਜ਼ਮ ਨੂੰ ਵਾਪਸ ਭਾਰਤ ਲਿਆਉਣ ਲਈ ਅਮਲ ਸ਼ੁਰੂ ਕੀਤਾ
ਅਰਚਿਤ ਵਾਟਸ
ਬਠਿੰਡਾ, 15 ਜੂਨ
ਨਿਹੰਗ ਅਮ੍ਰਿਤਪਾਲ ਸਿੰਘ ਮਹਿਰੋਂ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਹੱਤਿਆ ਤੋਂ ਕੁਝ ਘੰਟੇ ਬਾਅਦ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣ ਲੈ ਕੇ ਯੂਏਈ ਭੱਜ ਗਿਆ ਸੀ। ਇਹ ਦਾਅਵਾ ਬਠਿੰਡਾ ਦੀ ਐੱਸਐੱਸਪੀ ਅਮਨੀਤ ਕੌਂਡਲ ਨੇ ਕੀਤਾ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਪੁਲੀਸ ਨੇ ਸ਼ਨਿੱਚਰਵਾਰ ਨੂੰ ਅੰਮ੍ਰਿਤਪਾਲ ਸਿੰਘ ਖਿਲਾਫ਼ ਲੁੱਕਆਊਟ ਸਰਕੂਲਰ ਜਾਰੀ ਕੀਤਾ ਸੀ ਕਿਉਂਕਿ ਪੁਲੀਸ ਨੂੰ ਸ਼ੱਕ ਸੀ ਕਿ ਉਹ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਸਕਦਾ ਹੈ।
ਕੌਂਡਲ ਨੇ ਕਿਹਾ, ‘‘ਜਦੋਂ ਅਸੀਂ ਅੰਮ੍ਰਿਤਪਾਲ ਦੇ ਪਾਸਪੋਰਟ ਵੇਰਵੇ ਪ੍ਰਾਪਤ ਕੀਤੇ ਅਤੇ ਉਸ ਦੇ ਯਾਤਰਾ ਰਿਕਾਰਡ ਦੀ ਜਾਂਚ ਕੀਤੀ, ਤਾਂ ਸਾਨੂੰ ਪਤਾ ਲੱਗਾ ਕਿ ਉਹ ਕੰਚਨ ਦੀ ਹੱਤਿਆ ਕਰਨ ਤੋਂ ਬਾਅਦ ਯੂਏਈ ਭੱਜ ਗਿਆ ਸੀ। ਅਸੀਂ ਹੁਣ ਉਸ ਦੀ ਯੂਏਈ ਤੋਂ ਡਿਪੋਰਟੇਸ਼ਨ ਲਈ ਕਾਗਜ਼ੀ ਕਾਰਵਾਈ ਸ਼ੁਰੂ ਕਰ ਰਹੇ ਹਾਂ। ਅਸੀਂ ਉੱਥੋਂ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ ਕਿ ਉਹ ਇੱਥੇ ਇੱਕ ਕਤਲ ਕੇਸ ਵਿੱਚ ਲੋੜੀਂਦਾ ਹੈ।’’
ਪੁਲੀਸ ਨੇ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਦੇ ਦੋ ਹੋਰ ਸਾਥੀਆਂ- ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਸੋਹਲ ਦੇ ਰਣਜੀਤ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ - ਨੂੰ ਐੱਫਆਈਆਰ ਵਿੱਚ ਨਾਮਜ਼ਦ ਕੀਤਾ ਗਿਆ ਹੈ। ਐੱਸਐੱਸਪੀ ਨੇ ਕਿਹਾ, ‘‘ਉਨ੍ਹਾਂ ਨੇ ਅੰਮ੍ਰਿਤਪਾਲ ਨੂੰ ਅਪਰਾਧ ਕਰਨ ਤੋਂ ਬਾਅਦ ਇੱਕ ਕਾਰ ਵਿੱਚ ਭੱਜਣ ’ਚ ਮਦਦ ਕੀਤੀ। ਉਨ੍ਹਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ। ਸਾਨੂੰ ਇਹ ਜਾਣਕਾਰੀ ਅੰਮ੍ਰਿਤਪਾਲ ਦੇ ਦੋ ਸਾਥੀਆਂ ਨਿਮਰਤਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਤੋਂ ਪੁੱਛਗਿੱਛ ਦੌਰਾਨ ਮਿਲੀ, ਜਿਨ੍ਹਾਂ ਦਾ ਦੋ ਦਿਨਾ ਰਿਮਾਂਡ ਅੱਜ ਖਤਮ ਹੋ ਰਿਹਾ ਹੈ। ਅਸੀਂ ਉਨ੍ਹਾਂ ਤੋਂ ਪੁੱਛਗਿੱਛ ਲਈ ਹੋਰ ਪੁਲੀਸ ਹਿਰਾਸਤ ਦੀ ਮੰਗ ਕਰਾਂਗੇ।’’
ਐੱਸਐੱਸਪੀ ਨੇ ਖੁਲਾਸਾ ਕੀਤਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅੰਮ੍ਰਿਤਪਾਲ ਨੇ ਤਿੰਨ ਮਹੀਨੇ ਪਹਿਲਾਂ ਕਤਲ ਦੀ ਯੋਜਨਾ ਬਣਾਈ ਸੀ। ਉਸਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਲੁਧਿਆਣਾ ਵਿੱਚ ਵੀ ਜਾਸੂਸੀ ਕੀਤੀ ਸੀ। ਪੁਲੀਸ ਅਧਿਕਾਰੀ ਨੇ ਅੱਗੇ ਕਿਹਾ, ‘‘ਮ੍ਰਿਤਕਾ ਲੁਧਿਆਣਾ ਦੀ ਰਹਿਣ ਵਾਲੀ ਸੀ, ਅਤੇ ਅੰਮ੍ਰਿਤਪਾਲ ਅਤੇ ਉਸ ਦੇ ਸਾਥੀ ਸਹੀ ਰੇਕੀ ਕਰਨ ਲਈ ਉਸ ਦੀ ਰਿਹਾਇਸ਼ ਦੇ ਨੇੜੇ ਇੱਕ ਹੋਟਲ ਵਿੱਚ ਵੀ ਠਹਿਰੇ ਸਨ।’’ ਹੁਣ ਤੱਕ ਇਸ ਮਾਮਲੇ ਵਿੱਚ ਕੁੱਲ ਪੰਜ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ’ਤੇ ਸਬੂਤ ਨਸ਼ਟ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਕੰਚਨ ਦੀ ਸੜੀ ਹੋਈ ਲਾਸ਼ ਸ਼ੁੱਕਰਵਾਰ ਰਾਤ ਨੂੰ ਬਠਿੰਡਾ-ਚੰਡੀਗੜ੍ਹ ਹਾਈਵੇਅ 'ਤੇ ਆਦੇਸ਼ ਯੂਨੀਵਰਸਿਟੀ ਦੇ ਬਾਹਰ ਖੜ੍ਹੀ ਇੱਕ ਕਾਰ ਦੀ ਪਿਛਲੀ ਸੀਟ ਤੋਂ ਮਿਲੀ ਸੀ।