ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ: ਕਾਰਨੀ

ਜੀ-7 ਸਮੂਹ ਦੀ ਵਿਚਾਰ-ਚਰਚਾ ਵਿੱਚ ਭਾਰਤ ਦੀ ਸ਼ਮੂਲੀਅਤ ਨੂੰ ਜਾਇਜ਼ ਕਰਾਰ ਦਿੱਤਾ
Advertisement

ਓਟਵਾ, 7 ਜੂਨ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਹੈ ਅਤੇ ਇਹ ਕਈ ਅਹਿਮ ਆਲਮੀ ਸਪਲਾਈ ਚੇਨਾਂ ਦਾ ਕੇਂਦਰ ਹੈ। ਉਨ੍ਹਾਂ ਤਰਕ ਦਿੱਤਾ ਕਿ ਦੇਸ਼ ਦੀ ਲੀਡਰਸ਼ਿਪ ਨੂੰ ਆਗਾਮੀ ਜੀ-7 ਸਿਖ਼ਰਲ ਸੰਮੇਲਨ ਦੌਰਾਨ ਵਿਚਾਰ-ਚਰਚਾ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਕਾਰਨੀ ਦੀ ਇਹ ਟਿੱਪਣੀ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਕੈਨੇਡਾ ਵਿੱਚ ਉਨ੍ਹਾਂ ਦੇ ਕੁਝ ਸਿਆਸੀ ਵਿਰੋਧੀਆਂ ਨੇ 2023 ਵਿੱਚ ਖਾਲਿਸਤਾਨੀ ਵੱਖਵਾਦੀ ਦੀ ਹੱਤਿਆ ਵਿੱਚ ਭਾਰਤ ਦੇ ਸ਼ਾਮਲ ਹੋਣ ਦੇ ਦੋਸ਼ਾਂ ਦੀ ਜਾਂਚ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-7 ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦੇਣ ਲਈ ਉਨ੍ਹਾਂ ਦੀ ਆਲੋਚਨਾ ਕੀਤੀ ਹੈ।

Advertisement

ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਫੋਨ ’ਤੇ ਹੋਈ ਗੱਲਬਾਤ ਦੌਰਾਨ ਜੀ-7 ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਕਾਰਨੀ ਦੇ ਸੱਦੇ ਨੂੰ ਸਵੀਕਾਰ ਕਰ ਲਿਆ। ਕੈਨੇਡਾ ਸਮੂਹ ਦੇ ਮੌਜੂਦਾ ਪ੍ਰਧਾਨ ਵਜੋਂ 15 ਤੋਂ 17 ਜੂਨ ਤੱਕ ਅਲਬਰਟਾ ਪ੍ਰਾਂਤ ਵਿੱਚ ਜੀ-7 ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਖਾਲਿਸਤਾਨ ਸਮਰਥਕ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ 2023 ਵਿੱਚ ਹੋਈ ਹੱਤਿਆ ਦੇ ਮਾਮਲੇ ’ਤੇ ਇਕ ਵਿਸ਼ੇਸ਼ ਸਵਾਲ ਦੇ ਜਵਾਬ ਵਿੱਚ ਕਾਰਨੀ ਨੇ ਕਿਹਾ ਕਿ ਉਨ੍ਹਾਂ ਵਾਸਤੇ ਇਸ ਬਾਰੇ ਟਿੱਪਣੀ ਕਰਨਾ ਉਚਿਤ ਨਹੀਂ ਹੈ ਕਿਉਂਕਿ ਮਾਮਲੇ ਵਿੱਚ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ। ਕੈਨੇਡਿਆਈ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀ7 ਸਿਖ਼ਰ ਸੰਮੇਲਨ ਵਿੱਚ ਊਰਜਾ, ਸੁਰੱਖਿਆ, ਡਿਜੀਟਲ ਭਵਿੱਖ, ਅਹਿਮ ਖਣਿਜਾਂ ਅਤੇ ਉੱਭਰਦੇ ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਸਾਂਝੇਦਾਰੀ ਸਣੇ ਕਈ ਪ੍ਰਮੁੱਖ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜੀ7 ਦੇ ਹੋਰ ਮੈਂਬਰ ਦੇਸ਼ਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਮੋਦੀ ਨੂੰ ਸੱਦਾ ਦਿੱਤਾ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ‘‘ਕੁਝ ਅਜਿਹੇੇ ਦੇਸ਼ ਹਨ ਜਿਨ੍ਹਾਂ ਨੂੰ ਉਨ੍ਹਾਂ ਚਰਚਾਵਾਂ ਲਈ ਮੇਜ਼ ’ਤੇ ਹੋਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ, ‘‘ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਹੈ; ਪ੍ਰਭਾਵੀ ਤੌਰ ’ਤੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਇਹ ਉਨ੍ਹਾਂ ਸਪਲਾਈ ਚੇਨਾਂ ’ਚੋਂ ਕਈਆਂ ਵਾਸਤੇ ਕੇਂਦਰ ਹੈ, ਇਹ ਉਨ੍ਹਾਂ ਸਪਲਾਈ ਚੇਨਾਂ ’ਚੋਂ ਕਈਆਂ ਦੇ ਦਿਲ ਵਿੱਚ ਹੈ, ਇਸ ਵਾਸਤੇ ਉਨ੍ਹਾਂ ਨੂੰ ਜੀ7 ਲਈ ਸੱਦਣਾ ਸਮਝ ਵਿੱਚ ਆਉਂਦਾ ਹੈ।’’ ਕਾਰਨੀ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਅਹਿਮ ਮੁੱਦਿਆਂ ’ਤੇ ਸੁਰੱਖਿਆ ਏਜੰਸੀਆਂ ਦਰਮਿਆਨ ਗੱਲਬਾਤ ਜਾਰੀ ਰੱਖਣ ’ਤੇ ਸਹਿਮਤ ਹੋਏ ਹਨ। -ਪੀਟੀਆਈ

ਕੀ ਮੋਦੀ, ਭਾਰਤ ਦੇ ਤੀਜਾ ਸਭ ਤੋਂ ਵੱਡਾ ਅਰਥਚਾਰਾ ਹੋਣ ਬਾਰੇ ਕਾਰਨੀ ਨੂੰ ਜਾਣਕਾਰੀ ਦੇਣਗੇ: ਰਮੇਸ਼

ਨਵੀਂ ਦਿੱਲੀ: ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਨੂੰ ‘ਸਵੈਮ ਉਦਘੋਸ਼ਿਤ ਵਿਸ਼ਵਗੁਰੂ’ ਕਰਾਰ ਦਿੱਤਾ ਅਤੇ ਸਵਾਲ ਕੀਤਾ ਕਿ ਕੀ ਜੀ7 ਸਿਖ਼ਰ ਸੰਮੇਲਨ ਵਿੱਚ ਆਪਣੀਆਂ ਮੀਟਿੰਗਾਂ ਦੌਰਾਨ ਉਹ ਆਪਣੇ ਕੈਨੇਡਿਆਈ ਹਮਰੁਤਬਾ ਮਾਰਕ ਕਾਰਨੀ ਨੂੰ ਭਾਰਤ ਦੇ ਤੀਜਾ ਸਭ ਤੋਂ ਵੱਡਾ ਅਰਥਚਾਰਾ ਹੋਣ ਬਾਰੇ ਜਾਣਕਾਰੀ ਦੇਣਗੇ। ਰਮੇਸ਼ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘24 ਮਈ 2025 ਨੂੰ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਨੀਤੀ ਆਯੋਗ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਨੀਤੀ ਆਯੋਗ ਦੇ ਸੀਈਓ ਨੇ ਨਾਟਕੀ ਢੰਗ ਨਾਲ ਐਲਾਨ ਕੀਤਾ ਸੀ ਕਿ ਜਦੋਂ ਉਹ ਬੋਲ ਰਹੇ ਸਨ, ਤਾਂ ਭਾਰਤ, ਜਪਾਨ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਗਿਆ ਸੀ। ਹੁਣ ਕੈਨੇਡਾ ਦੇ ਪਧਾਨ ਮੰਤਰੀ - ਜੋ ਇਕ ਵੱਕਾਰੀ ਪੇਸ਼ੇਵਰ ਅਰਥਸ਼ਾਸਤਰੀ ਹਨ ਅਤੇ ਬੈਂਕ ਆਫ਼ ਕੈਨੇਡਾ ਦੇ ਸੈਂਟਰਲ ਬੈਂਕ ਦੇ ਗਵਰਨਰ ਰਹਿ ਚੁੱਕੇ ਹਨ - ਕਹਿੰਦੇ ਹਨ ਕਿ ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਹੈ।’’ -ਪੀਟੀਆਈ

Advertisement