ਉਪ ਰਾਸ਼ਟਰਪਤੀ ਦੀ ਚੋਣ ਵਿੱਚ ‘ਇੰਡੀਆ’ ਗੱਠਜੋੜ ਕਰਾਮਾਤ ਦਿਖਾਏਗਾ: ਦਲਵੀ
ਸੰਤੋਖ ਗਿੱਲ
ਉਪ-ਰਾਸ਼ਟਰਪਤੀ ਦੀ ਚੋਣ ਵਿੱਚ ‘ਇੰਡੀਆ’ ਗੱਠਜੋੜ ਕੋਈ ‘ਕਰਾਮਾਤ’ ਜ਼ਰੂਰ ਦਿਖਾਏਗਾ। ਇਹ ਦਾਅਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਹਾਇਕ ਇੰਚਾਰਜ ਰਵਿੰਦਰ ਉੱਤਮਰਾਓ ਦਲਵੀ ਨੇ ਇੱਥੇ ਕੀਤਾ। ਉਨ੍ਹਾਂ ਦਿੱਲੀ ਦੀ ਕਾਂਸਟੀਟਿਊਸ਼ਨਲ ਕਲੱਬ ਦੀ ਚੋਣ ਵਾਂਗ ‘ਕਰਾਸ ਵੋਟਿੰਗ’ ਦੀ ਸੰਭਾਵਨਾ ਪ੍ਰਗਟਾਈ ਹੈ। ਉਹ ਅੱਜ ਜ਼ਮੀਨੀ ਪੱਧਰ ’ਤੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕਰਨ ਲਈ ਦੇਸ਼ ਵਿਆਪੀ ਮੁਹਿੰਮ ਤਹਿਤ ਇੱਥੇ ਕਾਂਗਰਸੀ ਵਰਕਰਾਂ ਨਾਲ ਸਿੱਧਾ ਰਾਬਤਾ ਕਰਨ ਲਈ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਹੇਠਲੇ ਕੌਮੀ ਜਮਹੂਰੀ ਗੱਠਜੋੜ ਵਿੱਚ ਹੀ ਨਹੀਂ ਸਗੋਂ ਭਾਜਪਾ ਵਿੱਚ ਵੀ ਹਫ਼ੜਾ-ਦਫ਼ੜੀ ਵਾਲਾ ਮਾਹੌਲ ਹੈ। ਇਸ ਦੀ ਝਲਕ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਉਸ ਬਿਆਨ ਤੋਂ ਸਾਹਮਣੇ ਆ ਗਈ ਹੈ, ਜਿਸ ਵਿੱਚ ਉਨ੍ਹਾਂ ਲੋਕ ਸਭਾ ਚੋਣ ਵਿੱਚ ਉਸ ਨੂੰ ਹਰਾਉਣ ਲਈ ਵੀ ਸਾਜ਼ਿਸ਼ਾਂ ਘੜਨ ਦਾ ਦੋਸ਼ ਲਾਇਆ ਹੈ। ਸ੍ਰੀ ਦਲਵੀ ਨੇ ਕਿਹਾ ਕਿ ‘ਵੋਟ ਚੋਰੀ’ ਵਿਰੁੱਧ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਜਨ-ਸੰਪਰਕ ਮੁਹਿੰਮ ਨੂੰ ਮਿਲੇ ਹੁੰਗਾਰੇ ਬਾਅਦ ਪੂਰੇ ਦੇਸ਼ ਵਿੱਚ ‘ਹਵਾ’ ਬਦਲ ਗਈ ਹੈ। ਉਨ੍ਹਾਂ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨਾਲ ਕਿਸੇ ਤਰ੍ਹਾਂ ਦੇ ਗੱਠਜੋੜ ਤੋਂ ਸਾਫ਼ ਇਨਕਾਰ ਕੀਤਾ ਹੈ। ਇਸ ਦੌਰਾਨ ਭਾਰੀ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਕਾਂਗਰਸੀ ਵਰਕਰ ਹਾਜ਼ਰ ਸਨ। ਇਸ ਮੌਕੇ ਸ੍ਰੀ ਫ਼ਤਿਹਗੜ੍ਹ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਨੇ ਕਾਂਗਰਸੀ ਵਰਕਰਾਂ ਨੂੰ ਭਗਵੰਤ ਮਾਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਦਾ ਸੱਦਾ ਦਿੱਤਾ। ਇਸ ਮੌਕੇ ਯੂਥ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ, ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਗੁਰੀ ਭੱਠਲ, ਪਰਮਜੀਤ ਘਵੱਦੀ ਹਲਕਾ ਨਿਰੀਖਕ, ਸੁਦਰਸ਼ਨ ਜੋਸ਼ੀ, ਸੁਖਪਾਲ ਗੋਂਦਵਾਲ ਨੇ ਵੀ ਸੰਬੋਧਨ ਕੀਤਾ।