ਰਾਜਸਥਾਨ ’ਚ ਵਾਪਰੀ ਘਟਨਾ ਸਿੱਖਾਂ ਦੀ ਪਛਾਣ ’ਤੇ ਹਮਲਾ: ਸੁਖਬੀਰ
ਆਤਿਸ਼ ਗੁਪਤਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਜਸਥਾਨ ਵਿੱਚ ਕੜਾ ਤੇ ਕ੍ਰਿਪਾਨ ਧਾਰਨ ਕਰ ਕੇ ਨੂੰ ਲੜਕੀ ਨੂੰ ਪ੍ਰੀਖ਼ਿਆ ਕੇਂਦਰ ਵਿੱਚ ਦਾਖ਼ਲ ਨਾ ਹੋਣ ਦੇਣ ਦੇ ਮਾਮਲੇ ਨੂੰ ਸਿੱਖਾਂ ਦੀ ਵਿਲੱਖਣ ਪਛਾਣ ’ਤੇ ਹਮਲਾ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਸਿੱਖ ਧਰਮ ਦੇ ਪਵਿੱਤਰ ਚਿੰਨ੍ਹਾਂ ਪ੍ਰਤੀ ਨਿਰਾਦਰ ਤੇ ਵਿਤਕਰੇ ਦੀਆਂ ਵਧਦੀਆਂ ਘਟਨਾਵਾਂ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਇਸ ਘਟਨਾ ਖ਼ਿਲਾਫ਼ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਪੱਤਰ ਲਿਖਿਆ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨੂੰ ਦੇਸ਼ ਵਿੱਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਬਾਰੇ ਜਾਣੂ ਕਰਵਾਇਆ ਅਤੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਸ੍ਰੀ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਰਾਹੀਂ ਅੱਜ ਰਾਜਸਥਾਨ ਤੇ ਜੈਪੁਰ ਵਿੱਚ ਵਾਪਰੀ ਘਟਨਾ ਬਾਰੇ ਜਾਣੂ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਜੈਪੁਰ ਦੀ ਪੂਰਨਿਮਾ ਯੂਨੀਵਰਸਿਟੀ ਵਿੱਚ ਰਾਜਸਥਾਨ ਨਿਆਂਇਕ ਸੇਵਾਵਾਂ ਦੀ ਪ੍ਰੀਖਿਆ ਦੌਰਾਨ ਪੰਜਾਬ ਦੇ ਤਰਨ ਤਾਰਨ ਦੀ ਇਕ ਅੰਮ੍ਰਿਤਧਾਰੀ ਲੜਕੀ ਨੂੰ ਕੜਾ ਤੇ ਕ੍ਰਿਪਾਨ ਪਾਉਣ ਕਰਕੇ ਕੇਂਦਰ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਵਿਧਾਨ ਦੀ ਧਾਰਾ 25 ਅਧੀਨ ਗਾਰੰਟੀਸ਼ੁਦਾ ਉਸ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ। ਸੰਵਿਧਾਨ ਦੀ ਧਾਰਾ-25 ਵਿੱਚ ਸਿੱਖ ਧਰਮ ਦੇ ਹੋਰ ਚਿੰਨ੍ਹਾਂ ਵਿੱਚ ਕਿਰਪਾਨ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ, ਜੋ ਕਿ ਕਿਸੇ ਵੀ ਥਾਂ ’ਤੇ ਰੋਕਿਆ ਨਹੀਂ ਜਾਵੇਗਾ, ਬਲਕਿ ਹਵਾਈ ਉਡਾਣਾਂ ਵਿੱਚ ਵੀ ਉਸ ਨੂੰ ਵਿਸ਼ੇਸ਼ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜੋਧਪੁਰ ਦੇ ਇਕ ਪ੍ਰੀਖ਼ਿਆ ਕੇਂਦਰ ਵਿੱਚ ਦੋ ਸਿੱਖ ਲੜਕੀਆਂ ਨੂੰ ਰਾਜਸਥਾਨ ਨਿਆਂਇਕ ਸੇਵਾਵਾਂ (ਆਰਜੇਐੱਸ) ਲਈ ਬੈਠਣ ਤੋਂ ਰੋਕਿਆ ਗਿਆ ਸੀ, ਇਹ ਇਕ ਘਟਨਾ ਨਹੀਂ ਹੈ, ਸਗੋਂ ਸਿੱਖ ਪਛਾਣ ਦੀ ਵਿਲੱਖਣਤਾ ਪ੍ਰਤੀ ਧਾਰਮਿਕ ਅਸਹਿਣਸ਼ੀਲਤਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਰਾਜਸਥਾਨ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਪੀੜਤ ਸਿੱਖ ਲੜਕੀ ਨੂੰ ਆਰਜੇਐੱਸ ਪ੍ਰੀਖ਼ਿਆ ਲਈ ਬੈਠਣ ਦਾ ਇੱਕ ਵਿਸ਼ੇਸ਼ ਮੌਕਾ ਪ੍ਰਦਾਨ ਕੀਤਾ ਜਾਵੇ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਨੂੰ ਮੁਲਜ਼ਮ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।