ਖ਼ਬਰ ਦਾ ਅਸਰ/ਕੈਬਨਿਟ ਮੰਤਰੀ ਨਾਲ ਪੀਏ ਦੀ ਸਿੱਧੀ ਨਿਯੁਕਤੀ ਦੇ ਹੁਕਮ ਵਾਪਸ ਲਏ
ਕੁਲਦੀਪ ਸਿੰਘ
ਚੰਡੀਗੜ੍ਹ, 13 ਜੁਲਾਈ
ਪੰਜਾਬ ਦੀ ਵਜ਼ਾਰਤ ਵਿੱਚ ਨਵੇਂ ਬਣੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਮੁੱਖ ਸਕੱਤਰ ਪੰਜਾਬ ਦੀ ਥਾਂ ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੱਲੋਂ ਸਿੱਧੇ ਤੌਰ ’ਤੇ ਤਾਇਨਾਤ ਕੀਤੇ ਗਏ ਪੀਏ ਦੇ ਹੁਕਮ ‘ਪੰਜਾਬੀ ਟ੍ਰਿਬਿਊਨ’ ਵੱਲੋਂ ਖਬਰ ਪ੍ਰਕਾਸ਼ਿਤ ਕੀਤੇ ਜਾਣ ਉਪਰੰਤ ਵਾਪਸ ਲੈ ਲਏ ਗਏ ਹਨ। ਜ਼ਿਕਰਯੋਗ ਹੈ ਕਿ ਸਬੰਧਤ ਮੰਤਰੀ ਦੇ ਪੀਏ ਦੀ ਸਿੱਧੀ ਨਿਯੁਕਤੀ ਵਧੀਕ ਮੁੱਖ ਸਕੱਤਰ ਵੱਲੋਂ ਕੀਤੇ ਜਾਣ ’ਤੇ ਪੰਜਾਬ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਵੱਲੋਂ ਵਿਰੋਧ ਕੀਤਾ ਗਿਆ ਸੀ। ਐਸੋਸੀਏਸ਼ਨ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ ਦਾ ਕਹਿਣਾ ਸੀ ਕਿ ਸਕੱਤਰੇਤ ਬਣਨ ਤੋਂ ਲੈ ਕੇ ਹੁਣ ਤੱਕ ਹਮੇਸ਼ਾ ‘ਆਮ ਰਾਜ ਪ੍ਰਬੰਧ ਵਿਭਾਗ’ ਵੱਲੋਂ ਪ੍ਰਵਾਨਿਤ ਅਸਾਮੀਆਂ ਵਿਰੁੱਧ ਤਾਇਨਾਤੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਸਕੱਤਰੇਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਮੁੱਖ ਸਕੱਤਰ ਪੰਜਾਬ ਨੂੰ ਅੱਖੋਂ ਪਰੋਖੇ ਕਰਕੇ ਵਧੀਕ ਮੁੱਖ ਸਕੱਤਰ (ਮਾਲ ਵਿਭਾਗ) ਵੱਲੋਂ ਆਪਣੇ ਵਿਭਾਗ ਦਾ ਕਰਮਚਾਰੀ ਉਸ ਵਿਭਾਗ ਦੇ ਮੰਤਰੀ ਨਾਲ ਲਗਾਇਆ ਗਿਆ, ਜਿਸ ਨਾਲ ਉਸ ਵਿਭਾਗ ਦਾ ਕੋਈ ਸਬੰਧ ਨਹੀਂ ਸੀ। ਮੰਤਰੀ ਨਾਲ ਪੀਏ ਦੀ ਤਾਇਨਾਤੀ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਮੁੱਖ ਸਕੱਤਰ ਪੰਜਾਬ ਦੀ ਪ੍ਰਵਾਨਗੀ ਨਾਲ ਕੀਤੀ ਜਾਣੀ ਸੀ ਅਤੇ ਕੋਈ ਬਾਹਰੀ ਵਿਭਾਗ ਵੱਲੋਂ ਸਿੱਧੀ ਤਾਇਨਾਤੀ ਨਹੀਂ ਕੀਤੀ ਜਾ ਸਕਦੀ ਪਰ ਇਸ ਮਾਮਲੇ ਵਿੱਚ ਨਿਯਮਾਂ ਦੇ ਉਲਟ ਜਾ ਕੇ ਪੀਏ ਦੀ ਨਿਯੁਕਤੀ ਕੀਤੀ ਗਈ।
‘ਪੰਜਾਬੀ ਟ੍ਰਿਬਿਊਨ’ ਵੱਲੋਂ 8 ਜੁਲਾਈ ਨੂੰ ਇਹ ਖਬਰ ਛਾਪ ਕੇ ਇਸ ਮਸਲੇ ਨੂੰ ਉਭਾਰਿਆ ਗਿਆ ਸੀ। ਖ਼ਬਰ ਛਪਣ ਉਪਰੰਤ ਵਿੱਤੀ ਕਮਿਸ਼ਨਰ ਸਕੱਤਰੇਤ (ਪ੍ਰਸ਼ਾਸਨ-1 ਸ਼ਾਖਾ) ਨੇ 4 ਜੁਲਾਈ 2025 ਨੂੰ ਜਾਰੀ ਕੀਤੇ ਨਿਯੁਕਤੀ ਦੇ ਹੁਕਮ
ਵਾਪਸ ਲੈ ਲਏ ਹਨ।