ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਸੀਲ
ਇੱਥੇ ਸ਼ੂਗਰਕੇਨ ਸੁਸਾਇਟੀ ਨੇੜੇ ਨਸ਼ਾ ਛੁਡਾਊ ਕੇਂਦਰ ਨੂੰ ਨਾਜਾਇਜ਼ ਕਰਾਰ ਦਿੰਦਿਆਂ ਸਿਹਤ ਵਿਭਾਗ, ਤੇ ਪੁਲੀਸ ਤੋਂ ਇਲਾਵਾ ਕੁੱਝ ਹੋਰ ਵਿਭਾਗਾਂ ਨੇ ਸਾਂਝੀ ਕਾਰਵਾਈ ਕਰਦਿਆਂ ਸੀਲ ਕਰ ਦਿੱਤਾ। ਇਸ ਮੌਕੇ ਨਸ਼ਾ ਛੱਡਣ ਲਈ ਦਾਖਲ ਕੁੱਲ 19 ਮਰੀਜ਼ਾ ਵਿੱਚੋਂ 12 ਨੂੰ ਮੌਕੇ ’ਤੇ ਮਾਪਿਆਂ ਨਾਲ ਘਰਾਂ ਨੂੰ ਤੋਰ ਦਿੱਤਾ ਜਦੋਂਕਿ 7 ਨੂੰ ਨਸ਼ਾ ਛੁਡਾਉ ਕੇਂਦਰ ਘਾਬਦਾ ਭੇਜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪੁੱਜੀ ਸ਼ਿਕਾਇਤ ਮਗਰੋਂ ਕੁੱਝ ਵਿਭਾਗਾਂ ਦੀ ਗਠਿਤ ਸਾਂਝੀ ਕਮੇਟੀ ਵੱਲੋਂ ਕੀਤੀ ਗਈ। ਐੱਸਡੀਐੱਮ ਧੂਰੀ ਰਿਸ਼ਵ ਜਿੰਦਲ ਵੱਲੋਂ ਡਿਊਟੀ ਮਜਿਸਟਰੇਟ ਮਨੀ ਮਹਾਜਨ, ਮਨੋਰੋਗਾਂ ਦੇ ਮਾਹਿਰ ਡਾ. ਇਸ਼ਾਨ, ਡੀਐੱਸਐੱਸਓ ਜਸਵੀਰ ਕੌਰ, ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਅਤੇ ਐੱਸਐੱਚਓ ਸਿਟੀ ਜਸਵੀਰ ਸਿੰਘ ਤੂਰ ’ਤੇ ਅਧਾਰਤ ਕਮੇਟੀ ਨੇ ਸਾਂਝੀ ਕਾਰਵਾਈ ਦੌਰਾਨ ਸਬੰਧਤ ਨਸ਼ਾ ਛੁਡਾਊ ਕੇਂਦਰ ਨੂੰ ਸੀਲ ਕਰ ਦਿੱਤਾ।
ਡਾਕਟਰ ਇਸ਼ਾਂਨ ਨੇ ਕੁੱਲ 19 ਮਰੀਜ਼ਾਂ ਵਿੱਚੋਂ 7 ਨੂੰ ਨਸ਼ਾ ਛੁਡਾਊ ਕੇਂਦਰ ਤੇ ਬਾਕੀ ਮਾਪਿਆਂ ਨਾਲ ਤੋਰਨ ਦੀ ਪੁਸ਼ਟੀ ਕੀਤੀ। ਡਰੱਗ ਇੰਸਪੈਕਟਰ ਨੇ ਮੌਕੇ ’ਤੇ ਸਧਾਰਨ ਦਵਾਈਆਂ ਮਿਲਣ ਦੀ ਗੱਲ ਕੀਤੀ ਜਦੋਂਕਿ ਐੱਸਐੱਚਓ ਜਸਵੀਰ ਸਿੰਘ ਨੇ ਮੀਡੀਆ ਕੋਲ ਨਸ਼ਾ ਛੁਡਾਊ ਕੇਂਦਰ ਦਾ ਕੋਈ ਲਾਇਸੈਂਸ ਨਾ ਹੋਣ ਦਾ ਖੁਲਾਸਾ ਕੀਤਾ। ਇਸ ਦੌਰਾਨ ਇਥੇ ਚਰਚਾ ਹੈ ਕਿ ਮੁੱਖ ਮੰਤਰੀ ਦੇ ਆਪਣੇ ਹਲਕੇ ਵਿੱਚ 2023 ਵਿੱਚ ਸੀਲ ਹੋਇਆ ਇਹ ਨਸ਼ਾ ਛੁਡਾਊ ਕੇਂਦਰ ਆਖਰ ਕਿਸ ਦੇ ਹੁਕਮਾਂ ’ਤੇ ਦੁਬਾਰਾ ਸ਼ੁਰੂ ਕੀਤਾ ਗਿਆ।