ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਨੇ ਕੇਂਦਰ ਸਰਕਾਰ ਦੇ ਚਾਰ ਲੇਬਰ ਕੋਡਜ਼ ਖ਼ਿਲਾਫ਼ ਅੱਜ ਪੰਜਾਬ ਵਿੱਚ ਦਰਜਨਾਂ ਥਾਵਾਂ ’ਤੇ ਮੁਜ਼ਾਹਰੇ ਕੀਤੇ ਅਤੇ ਲੇਬਰ ਕੋਡਜ਼ ਦੀਆਂ ਕਾਪੀਆਂ ਸਾੜੀਆਂ। ਇਸ ਦੌਰਾਨ ਇਫਟੂ ਨੇ ਨਵਾਂਸ਼ਹਿਰ, ਗੁਰਦਾਸਪੁਰ, ਪਠਾਨਕੋਟ, ਨੂਰਪੁਰ ਬੇਦੀ, ਮਲੋਟ, ਜਲਾਲਾਬਾਦ, ਮੋਰਿੰਡਾ, ਸ੍ਰੀ ਚਮਕੌਰ ਸਾਹਿਬ ਅਤੇ ਬਲਾਚੌਰ ਵਿੱਚ ਲੇਬਰ ਕੋਡਜ਼ ਵਿਰੁੱਧ ਪ੍ਰਦਰਸ਼ਨ ਕੀਤੇ ਹਨ। ਇਸ ਦੇ ਨਾਲ ਹੀ ਇਫਟੂ ਨੇ ਕੇਂਦਰ ਸਰਕਾਰ ਤੋਂ ਲੇਬਰ ਕੋਡ ਰੱਦ ਕਰਨ ਦੀ ਮੰਗ ਕੀਤੀ।
ਇਫਟੂ ਪੰਜਾਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ, ਸੂਬਾ ਵਿੱਤ ਸਕੱਤਰ ਜੁਗਿੰਦਰਪਾਲ ਗੁਰਦਾਸਪੁਰ, ਸੂਬਾ ਕਮੇਟੀ ਮੈਂਬਰਾਂ ਸੁਖਦੇਵ, ਰਮੇਸ਼ ਕੁਮਾਰ ਨੂਰਪੁਰ, ਤਰਸੇਮ ਜੱਟ ਪੁਰ, ਜਗਸੀਰ, ਦਲੀਪ ਕੁਮਾਰ, ਮਲਾਗਰ ਸਿੰਘ ਖਮਾਣੋਂ, ਬਲਵਿੰਦਰ ਸਿੰਘ ਨੇ ਵੱਖ-ਵੱਖ ਥਾਵਾਂ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਚਾਰ ਲੇਬਰ ਕੋਡ ਦੇਸ਼ ਦੇ ਮਜ਼ਦੂਰ ਵਰਗ ’ਤੇ ਵੱਡਾ ਹਮਲਾ ਹਨ। ਇਹ ਮਜ਼ਦੂਰ ਜਮਾਤ ਕੋਲੋਂ ਉਨ੍ਹਾਂ ਦੇ ਮੁੱਢਲੇ ਅਧਿਕਾਰ ਖੋਹ ਲੈਣਗੇ, ਜੋ ਉਨ੍ਹਾਂ ਦਹਾਕਿਆਂ ਤੱਕ ਸੰਘਰਸ਼ ਕਰ ਕੇ ਤੇ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤੇ ਸਨ। ਆਗੂਆਂ ਨੇ ਕਿਹਾ ਕਿ ਚਾਰ ਨਵੇਂ ਲੇਬਰ ਕੋਡਜ਼ ਅਨੁਸਾਰ ਕਿਤੇ ਵੀ ਮਜ਼ਦੂਰ ਯੂਨੀਅਨ ਨਹੀਂ ਬਣਾ ਸਕਦੇ ਅਤੇ ਹੜਤਾਲ ਨਹੀਂ ਕਰ ਸਕਦੇ। ਇਹ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਕਰਨ ਦੇ ਸਾਰੇ ਰਾਹ ਬੰਦ ਕਰਦੇ ਹਨ। ਲੇਬਰ ਕੋਡਜ਼ ਵਿੱਚ ਮਜ਼ਦੂਰ ਦਾ ਕੰਮ ਕਰਨ ਦਾ ਸਮਾਂ ਪ੍ਰਤੀ ਦਿਨ ਅੱਠ ਤੋਂ ਵਧਾ ਕੇ 12 ਘੰਟੇ ਕਰ ਦਿੱਤਾ ਹੈ। ਇਸ ਨਾਲ ਕਿਰਤ ਵਿਭਾਗ ਦੇ ਅਧਿਕਾਰੀ ਸਿਰਫ਼ ਸਲਾਹਕਾਰ ਬਣ ਕੇ ਰਹਿ ਜਾਣਗੇ। ਇਸ ਦਾ ਮਾਲਕਾਂ ਨੂੰ ਲਾਭ ਤੇ ਮਜ਼ਦੂਰਾਂ ਨੂੰ ਨੁਕਸਾਨ ਹੋਵੇਗਾ। ਇਸ ਨਾਲ ਸਮਾਜ ਦਾ ਹਰ ਵਰਗ ਪ੍ਰਭਾਵਿਤ ਹੋਵੇਗਾ।

