‘ਪੰਜਾਬ ਜਿੱਤਣਾ ਹੈ ਤਾਂ ਲੀਡਰਾਂ ਨੂੰ ਇਕੱਠੇ ਕਰੋ’
ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ
ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਅੱਜ ਕਾਂਗਰਸ ਦੇ ਨਵੇਂ ਜ਼ਿਲ੍ਹਾ ਪ੍ਰਧਾਨਾਂ ਨੇ ਕਿਹਾ ਕਿ ਜੇ ਪੰਜਾਬ ਜਿੱਤਣਾ ਹੈ ਤਾਂ ਸੀਨੀਅਰ ਲੀਡਰਾਂ ਨੂੰ ਇਕੱਠੇ ਕਰੋ। ਮੀਟਿੰਗ ’ਚ ਇੱਥੇ ਪਹੁੰਚੇ ਕਾਂਗਰਸ ਦੇ 26 ਜ਼ਿਲ੍ਹਾ ਪ੍ਰਧਾਨ ਕਾਂਗਰਸੀ ਨੇਤਾਵਾਂ ਦੀ ਫੁੱਟ ਤੋਂ ਖ਼ਫ਼ਾ ਨਜ਼ਰ ਆਏ। ਤਰਨ ਤਰਨ ਜ਼ਿਮਨੀ ਚੋਣ ’ਚ ਕਾਂਗਰਸ ਦੀ ਜ਼ਮਾਨਤ ਜ਼ਬਤ ਹੋਣ ਦਾ ਪਰਛਾਵਾਂ ਵੀ ਜ਼ਿਲ੍ਹਾ ਪ੍ਰਧਾਨਾਂ ’ਤੇ ਨਜ਼ਰ ਆ ਰਿਹਾ ਸੀ। ਦੱਸਣਯੋਗ ਹੈ ਕਿ ਤਰਨ ਤਾਰਨ ਚੋਣ ਦੀ ਹਾਰ ਮਗਰੋਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਸਨ। ਨਵੇਂ ਜ਼ਿਲ੍ਹਾ ਪ੍ਰਧਾਨਾਂ ’ਚੋਂ ਬਹੁਤੇ ਵੜਿੰਗ ਦੇ ਹੀ ਹਮਾਇਤੀ ਹਨ। ਕੁਝ ਜ਼ਿਲ੍ਹਾ ਪ੍ਰਧਾਨਾਂ ਨੇ ਦੱਸਿਆ ਕਿ ਮੀਟਿੰਗ ’ਚ ਸਭ ਇੱਕਮਤ ਸੀ ਕਿ ਇਸ ਪੜਾਅ ’ਤੇ ਕਾਂਗਰਸ ’ਚ ਵੱਡੀ ਤਬਦੀਲੀ ਦੀ ਥਾਂ ਸਭ ਸੀਨੀਅਰ ਆਗੂਆਂ ਨੂੰ ਇੱਕ ਮੰਚ ’ਤੇ ਇਕੱਠਾ ਕੀਤਾ ਜਾਵੇ। ਇੱਥੇ ਕਾਂਗਰਸ ਭਵਨ ’ਚ ਕਰੀਬ ਪੌਣੇ ਦੋ ਘੰਟੇ ਚੱਲੀ ਮੀਟਿੰਗ ’ਚ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੋਈ ਵੱਖਰਾ ਸੁਰ ਨਹੀਂ ਰੱਖਿਆ। ਭੁਪੇਸ਼ ਬਘੇਲ ਨੇ ਮੀਟਿੰਗ ’ਚ ਕਿਸੇ ਤਰ੍ਹਾਂ ਦੇ ਬਦਲਾਅ ਦਾ ਇਸ਼ਾਰਾ ਨਹੀਂ ਕੀਤਾ। ਮੀਟਿੰਗ ’ਚ ਅਗਾਮੀ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਨੂੰ ਲੈ ਕੇ ਵੀ ਚਰਚਾ ਹੋਈ। ਬਘੇਲ ਨੇ ਜ਼ਿਲ੍ਹਾ ਪ੍ਰਧਾਨਾਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਚੋਣਾਂ ਦੀ ਤਿਆਰੀ ਹੁਣ ਤੋਂ ਹੀ ਵਿੱਢ ਦਿੱਤੀ ਜਾਵੇ। ਅੱਜ ਮੀਟਿੰਗ ’ਚ ਬਘੇਲ ਦੇ ਨਾਲ ਏ ਆਈ ਸੀ ਸੀ ਸਕੱਤਰ ਸੂਰਜ ਸਿੰਘ ਠਾਕੁਰ, ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਆਦਿ ਹਾਜ਼ਰ ਸਨ।
ਹਾਰ ਦੀ ਸਮੀਖਿਆ ਕਰਾਂਗੇ: ਬਘੇਲ
ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਤਰਨ ਤਾਰਨ ਦੀ ਉਪ ਚੋਣ ਦੇ ਨਤੀਜੇ ਬਾਰੇ ਕਿਹਾ ਕਿ ਕਾਂਗਰਸ ਪਾਰਟੀ ਦੀ ਉਪ ਚੋਣ ’ਚ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾ ਰਹੀ ਹੈ।

