ਨਸ਼ਾ ਤਸਕਰ ਤਿੜ-ਫਿੜ ਕਰੇ ਤਾਂ ਕੁਟਾਪਾ ਚਾੜ੍ਹ ਦਿਓ: ਵਿਧਾਇਕ
ਪਰਮਜੀਤ ਸਿੰਘ
ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੁਮਾਰ ਗੋਲਡੀ ਕੰਬੋਜ ਦੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਵੀਡੀਓ ਵਿੱਚ ਉਹ ਇਕੱਠ ਦੌਰਾਨ ਇਹ ਆਖਦੇ ਨਜ਼ਰ ਆਉਂਦੇ ਹਨ ਕਿ ਜੇ ਕੋਈ ਨਸ਼ਾ ਤਸਕਰ ਤਿੜ-ਫਿੜ ਕਰੇ ਤਾਂ ਕੁਟਾਪਾ ਚਾੜ੍ਹ ਦਿਓ, ਉਹ ਆਪੇ ਸੰਭਾਲ ਲੈਣਗੇ। ਜ਼ਿਕਰਯੋਗ ਹੈ ਕਿ ਵਿਧਾਇਕ ਗੋਲਡੀ ਕੰਬੋਜ ਜਲਾਲਾਬਾਦ ਦੇ ਵਾਰਡ ਨੰਬਰ 1 ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਲਈ ਲੋਕਾਂ ਤੋਂ ਸਹਿਯੋਗ ਲੈਣ ਲਈ ਸੰਬੋਧਨ ਕਰ ਰਹੇ ਸਨ। ਅੱਗੋਂ ਔਰਤ ਨੇ ਵਿਧਾਇਕ ਨੂੰ ਹੀ ਸਵਾਲ ਖੜ੍ਹਾ ਕਰ ਦਿੱਤਾ ਕਿ ਉਨ੍ਹਾਂ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਵਾਇਆ ਗਿਆ ਸੀ ਤਾਂ ਨਸ਼ਾ ਤਸਕਰਾਂ ਨੇ ਉਨ੍ਹਾਂ ਦੇ ਘਰ ਆ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲੀਸ ਦਾ ਉਨ੍ਹਾਂ ਨੂੰ ਕੋਈ ਡਰ ਨਹੀਂ ਸੀ। ਇਹ ਸੁਣਦਿਆਂ ਹੀ ਗੋਲਡੀ ਕੰਬੋਜ ਤੈਸ਼ ਵਿੱਚ ਆ ਗਏ ਤੇ ਉਨ੍ਹਾਂ ਪੁਲੀਸ ਦੀ ਹਾਜ਼ਰੀ ਵਿੱਚ ਸਿੱਧੇ ਤੌਰ ’ਤੇ ਕਹਿ ਦਿੱਤਾ ਕਿ ਜੇ ਕੋਈ ਨਸ਼ਾ ਤਸਕਰ ਤਿੜ ਫਿੜ ਕਰੇ ਤਾਂ ਉਸ ਦਾ ਕੁਟਾਪਾ ਚਾੜ੍ਹ ਦਿਓ, ਅੱਗੇ ਉਹ ਆਪੇ ਸੰਭਾਲ ਲੈਣਗੇ। ਇਹ ਸੁਣ ਕੇ ਲੋਕਾਂ ਵਿੱਚ ਤਾਂ ਖੁਸ਼ੀ ਦੀ ਲਹਿਰ ਦੌੜ ਗਈ ਪਰ ਹਾਜ਼ਰ ਪੁਲੀਸ ਅਫ਼ਸਰ ਅਤੇ ਕਰਮਚਾਰੀ ਹੱਕੇ ਬੱਕੇ ਰਹਿ ਗਏ। ਵਿਧਾਇਕ ਜਗਦੀਪ ਕੁਮਾਰ ਗੋਲਡੀ ਕੰਬੋਜ ਨੇ ਕਿਹਾ ਕਿ ਜੇ ਨਸ਼ਾ ਤਸਕਰ ਲੋਕਾਂ ਦੇ ਗਲ ਪੈਣਗੇ ਤਾਂ ਲੋਕ ਉਨ੍ਹਾਂ ਨੂੰ ਹਾਰ ਨਹੀਂ ਪਾਉਣਗੇ। ਇਸ ਲਈ ਹੁਣ ਸਖ਼ਤੀ ਨਾਲ ਨਸ਼ਾ ਤਸਕਰਾਂ ਨਾਲ ਪੇਸ਼ ਆਉਣਾ ਪਵੇਗਾ। ਉਨ੍ਹਾਂ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹ ਤੋਂ ਪੁੱਟਣ ਲਈ ਚਲਾਈ ਮੁਹਿੰਮ ਦਾ ਸਾਥ ਦੇਣ ਦੀ ਅਪੀਲ ਕੀਤੀ। ਐੱਸਐੱਸਪੀ ਗੁਰਮੀਤ ਸਿੰਘ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਹੀ ਨੱਥ ਪਾਈ ਜਾ ਸਕਦੀ ਹੈ।