ਭ੍ਰਿਸ਼ਟਾਚਾਰ ਸਾਬਿਤ ਹੋਣ ’ਤੇ ਸਿਆਸਤ ਛੱਡ ਦੇਵਾਂਗਾ: ਹੇਅਰ
ਟਰੱਕ ਯੂਨੀਅਨ ਬਰਨਾਲਾ ਦੀ ਜਗ੍ਹਾ ਦਾ ਲੀਜ਼ ਵਾਲਾ ਮੁੱਦਾ ਭਖ਼ਦਾ ਜਾ ਰਿਹਾ ਹੈ। ਅੱਜ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਟਰੱਕ ਯੂਨੀਅਨ ਦੀ ਜਗ੍ਹਾ ਲੀਜ਼ ’ਤੇ ਦੇਣ ਦਾ ਸਮਝੌਤਾ 14 ਜੂਨ ਨੂੰ ਹੋ ਕੇ 16 ਜੂਨ ਨੂੰ ਰੱਦ ਕਰਵਾ ਦਿੱਤਾ ਗਿਆ ਸੀ। ਮੀਤ ਹੇਅਰ ਨੇ ਕਿਹਾ ਕਿ ਸੂਬਾ ਸਰਕਾਰ ’ਚ 10 ਵਿਭਾਗਾਂ ਦਾ ਮੰਤਰੀ ਰਹਿਣ ਦੇ ਬਾਵਜੂਦ ਉਨ੍ਹਾਂ ਵੱਲ ਕੋਈ ਭ੍ਰਿਸ਼ਟਾਚਾਰ ਸਬੰਧੀ ਉਂਗਲ ਨਹੀਂ ਚੁੱਕ ਸਕਦਾ। ਉਨ੍ਹਾਂ ਕਿਹਾ ਕਿ ਜੇ ਕੋਈ ਭ੍ਰਿਸ਼ਟਾਚਾਰ ਦਾ ਦੋਸ਼ ਸਿੱਧ ਕਰ ਦੇਵੇ ਤਾਂ ਉਹ ਰਾਜਨੀਤੀ ਛੱਡ ਦੇਣਗੇ। ਉਨ੍ਹਾਂ ਕਿਹਾ ਕਿ ਗੁਰਦੀਪ ਬਾਠ ਸੋਸ਼ਲ ਮੀਡੀਆ ’ਤੇ ਵਿਊਜ਼ ਲੈਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਦੇ ਪ੍ਰਧਾਨ ਨੂੰ ਬਕਾਇਦਾ ਤੌਰ ’ਤੇ ਟਰੱਕ ਅਪਰੇਟਰਾਂ ਦੀ ਕਚਹਿਰੀ ’ਚ ਯੂਨੀਅਨ ਦੀ ਜਗ੍ਹਾ ਲੀਜ਼ ’ਤੇ ਦੇਣ ਤੋਂ ਪਹਿਲਾਂ ਅਤੇ ਯੂਨੀਅਨ ਦੇ ਜਗ੍ਹਾ ’ਤੇ ਪੈਟਰੋਲ ਪੰਪ ਲਾਉਣ ਲਈ ਸਹਿਮਤੀ ਲੈਣੀ ਚਾਹੀਦੀ ਸੀ। ਇਸ ਨੂੰ ਭਾਵੇਂ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਦੀ ਜਾਂਚ ਡੀਸੀ ਰਾਹੀਂ ਕਰਵਾਈ ਜਾਵੇਗੀ। ਸ੍ਰੀ ਹੇਅਰ ਨੇ ਕਿਹਾ ਕਿ ਉਨ੍ਹਾਂ ਫ਼ਿਤਰਤ ਹੈ ਕਿ ਉਹ ਕਦੇ ਵੀ ਕਿਸੇ ’ਤੇ ਨਿੱਜੀ ਹਮਲੇ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਬਿਨ੍ਹਾਂ ਤੱਥਾਂ ਤੋਂ ਦੋਸ਼ ਲਾਉਣਾ ਠੀਕ ਨਹੀਂ।