ਪਤਨੀ ਦੀ ਖ਼ੁਦਕੁਸ਼ੀ ਤੋਂ ਬੇਖ਼ਬਰ ਪਤੀ ਨੇ ਫਾਹਾ ਲਿਆ
ਮੋਹਿਤ ਸਿੰਗਲਾ
ਨਾਭਾ, 4 ਜੁਲਾਈ
ਭਾਦਸੋਂ ਦੇ ਪਿੰਡ ਪੂਣੀਵਾਲ ਵਿਚ 42 ਸਾਲਾ ਵਿਅਕਤੀ ਨੇ ਖ਼ੁਦਕੁਸ਼ੀ ਕਰ ਲਈ। ਉਸ ਨੇ ਵੀਡੀਓ ਸੁਨੇਹੇ ਵਿੱਚ ਆਪਣੀ ਪਤਨੀ, ਸੱਸ ਅਤੇ ਸਾਢੂ ਨੂੰ ਜ਼ਿੰਮੇਵਾਰ ਦੱਸਿਆ ਹੈ ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਉਸ ਦੀ ਪਤਨੀ ਤਾਂ ਪਹਿਲਾਂ ਹੀ ਆਤਮਹੱਤਿਆ ਕਰ ਚੁੱਕੀ ਹੈ।
ਜਾਣਕਾਰੀ ਅਨੁਸਾਰ ਪੂਣੀਵਾਲ ਦੇ ਵਸਨੀਕ ਗੁਰਮੀਤ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਵਿਚਾਲੇ ਕਿਸੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਮਗਰੋਂ 29 ਜੂਨ ਨੂੰ ਮਨਪ੍ਰੀਤ ਆਪਣੇ ਤਿੰਨ ਬੱਚਿਆਂ ਨੂੰ ਲੈ ਕੇ ਆਨੰਦਪੁਰ ਸਾਹਿਬ ਜ਼ਿਲ੍ਹੇ ਦੇ ਪਿੰਡ ਭਨੂਪਲੀ ’ਚ ਆਪਣੇ ਪੇਕੇ ਚਲੀ ਗਈ ਸੀ। ਪੁਲੀਸ ਨੇ ਦੱਸਿਆ ਕਿ ਬੱਚਿਆਂ ਮੁਤਾਬਕ ਮਨਪ੍ਰੀਤ ਕੌਰ ਰਸਤੇ ਵਿੱਚ ਹੀ ਫਤਹਿਗੜ੍ਹ ਸਾਹਿਬ ਕੋਲ ਉਤਰ ਗਈ ਅਤੇ ਉਹ ਆਪਣੇ ਨਾਨਕੇ ਇਕੱਲੇ ਹੀ ਪਹੁੰਚੇ। 3 ਜੁਲਾਈ ਦੀ ਸ਼ਾਮ ਗੁਰਮੀਤ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੂੰ ਉਸ ਦੇ ਮੋਬਾਈਲ ਵਿੱਚੋਂ ਵੀਡੀਓ ਮਿਲੀ ਜਿਸ ਵਿੱਚ ਉਸ ਨੇ ਆਪਣੀ ਪਤਨੀ ਉੱਪਰ ਸ਼ੱਕ ਜ਼ਾਹਰ ਕੀਤਾ ਸੀ ਕਿ ਉਹ ਕਿਸੇ ਨਾਲ ਫ਼ਰਾਰ ਹੋ ਗਈ ਹੈ। ਵੀਡੀਓ ਵਿੱਚ ਉਸ ਨੇ ਆਪਣੀ ਪਤਨੀ, ਸੱਸ ਅਤੇ ਸਾਢੂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ।
ਭਾਦਸੋਂ ਪੁਲੀਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਕੁਝ ਅਣਪਛਾਤੀਆਂ ਲਾਸ਼ਾਂ ਦੀਆਂ ਤਸਵੀਰਾਂ ਦਿਖਾਈਆਂ ਜਿਹੜੀਆਂ ਵੱਖ ਵੱਖ ਥਾਣਿਆਂ ਵਿੱਚੋਂ ਆਈਆਂ ਸਨ।
ਐਸਐਚਓ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਇਸ ਵਿੱਚੋਂ ਇਕ ਤਸਵੀਰ ਮਨਪ੍ਰੀਤ ਕੌਰ ਦੀ ਨਿਕਲੀ ਜੋ ਪਟਿਆਲਾ ਦੇ ਤ੍ਰਿਪੜੀ ਥਾਣੇ ਕੋਲ ਸ਼ਨਾਖਤ ਲਈ ਪਈ ਸੀ। ਇਹ ਲਾਸ਼ ਤ੍ਰਿਪੜੀ ਪੁਲੀਸ ਨੂੰ ਦੋ ਦਿਨ ਪਹਿਲਾਂ ਹੀ ਭਾਖੜਾ ਵਿੱਚੋਂ ਮਿਲੀ ਸੀ। ਪੁਲੀਸ ਨੇ ਫਿਲਹਾਲ ਵੀਡੀਓ ਦੇ ਆਧਾਰ ’ਤੇ ਮ੍ਰਿਤਕ ਗੁਰਮੀਤ ਦੀ ਸੱਸ ਅਤੇ ਸਾਢੂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।