ਸੜਕ ਹਾਦਸੇ ਵਿੱਚ ਪਤੀ-ਪਤਨੀ ਹਲਾਕ
ਇੱਥੇ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਪੈਂਦੇ ਕਸਬਾ ਮੁਸਾਹਿਬਪੁਰ ਕੋਲ ਇੱਕ ਅਣਪਛਾਤੇ ਟਰੱਕ ਵੱਲੋਂ ਸਕੂਟਰੀ ਨੂੰ ਟੱਕਰ ਮਾਰਨ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ, ਜਦੋਂਕਿ ਉਨ੍ਹਾਂ ਦਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ।
ਚੌਕੀ ਇੰਚਾਰਜ ਭੰਗਾਲਾ ਐੱਸਆਈ ਪ੍ਰਿੰਸਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6 ਵਜੇ ਰਾਕੇਸ਼ ਕੁਮਾਰ (32) ਪੁੱਤਰ ਮਦਨ ਲਾਲ ਵਾਸੀ ਭੱਟੀਆਂ ਰਾਜਪੂਤਾਂ, ਆਪਣੀ ਪਤਨੀ ਅੰਜੂ ਵਾਲਾ ਅਤੇ ਪੁੱਤਰ ਮਨਪ੍ਰੀਤ (4) ਨਾਲ ਸਕੂਟੀ ’ਤੇ ਪਠਾਨਕੋਟ ਤੋਂ ਆਪਣੇ ਪਿੰਡ ਆ ਰਿਹਾ ਸੀ। ਜਿਵੇਂ ਹੀ ਉਹ ਮੁਸਾਹਿਬਪੁਰ ਕੋਲ ਪੈਂਦੇ ਮੁਸਾਫਰ ਸ਼ਹਿਨਾਈ ਗਰੈਂਡ ਵਿਲਾ ਦੇ ਸਾਹਮਣੇ ਪਹੁੰਚੇ ਤਾਂ ਪਿੱਛੋਂ ਆ ਰਹੇ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਵੱਜਣ ਕਾਰਨ ਤਿੰਨੋਂ ਜਣੇ ਸੜਕ ’ਤੇ ਡਿੱਗ ਪਏ। ਇਸ ਹਾਦਸੇ ਵਿੱਚ ਸਕੂਟੀ ਸਵਾਰ ਪਤੀ ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਬੱਚਾ ਗੰਭੀਰ ਜ਼ਖਮੀ ਹੋ ਗਿਆ। ਟਰੱਕ ਡਰਾਈਵਰ ਮੌਕੇ ਤੋਂ ਟਰੱਕ ਲੈ ਕੇ ਫ਼ਰਾਰ ਹੋ ਗਿਆ। ਸਥਾਨਕ ਲੋਕਾਂ ਵਲੋਂ ਤਿੰਨਾਂ ਨੂੰ ਸਿਵਲ ਹਸਪਤਾਲ ਮੁਕੇਰੀਆਂ ਪਹੁੰਚਾਇਆ। ਡਾਕਟਰਾਂ ਨੇ ਬੱਚੇ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਅੱਗੇ ਰੈਫ਼ਰ ਦਿੱਤਾ ਹੈ ਜਦੋਂਕਿ ਮ੍ਰਿਤਕ ਜੋੜੇ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰੱਖਵਾ ਦਿੱਤਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ਅਤੇ ਫ਼ਰਾਰ ਹੋਏ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।