ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 29 ਜੂਨ
ਪੰਜਾਬ ਪੁਲੀਸ ਨੇ ਫੂਡ ਸੇਫਟੀ ਵਿਭਾਗ ਦੀ ਮਦਦ ਨਾਲ ਪਿੰਡ ਤਰੰਜੀਖੇੜਾ ਵਿੱਚ ਨਕਲੀ ਦੁੱਧ ਤਿਆਰ ਕਰ ਕੇ ਵੇਚਣ ਵਾਲੇ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅਜਿਹਾ ਦੁੱਧ ਤਿਆਰ ਕਰਨ ਲਈ ਵਰਤਿਆ ਜਾਂਦਾ ਸਾਮਾਨ ਵੀ ਬਰਾਮਦ ਕੀਤਾ ਹੈ। ਥਾਣਾ ਛਾਜਲੀ ਦੇ ਐੱਸਐੱਚਓ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਨੇੜੇ ਦੇ ਪਿੰਡਾਂ ਅਤੇ ਵੱਖ-ਵੱਖ ਫਾਰਮਾਂ ਵਿੱਚੋਂ ਦੁੱਧ ਇਕੱਠਾ ਕਰਕੇ ਲਿਆਉਂਦਾ ਸੀ। ਮੁਖਬਰ ਵੱਲੋਂ ਦਿੱਤੀ ਸੂਹ ’ਤੇ ਹਰਦੀਪ ਸਿੰਘ ਦੀ ਡੇਅਰੀ ਦੀ ਤਲਾਸ਼ੀ ਲਈ ਗਈ, ਜਿੱਥੇ ਹਰਦੀਪ ਸਿੰਘ ਤੇ ਉੁਸ ਦੀ ਪਤਨੀ ਗੁਰਪ੍ਰੀਤ ਕੌਰ ਨਕਲੀ ਦੁੱਧ ਤਿਆਰ ਕਰਕੇ ਵੇਚਣ ਦਾ ਧੰਦਾ ਕਰਦੇ ਸਨ। ਪੁਲੀਸ ਮੁਤਾਬਕ ਦੋਵੇਂ ਪਤੀ-ਪਤਨੀ ਨਕਲੀ ਦੁੱਧ ਵੇਚ ਕੇ ਅਤੇ ਵੇਰਕਾ ਨੂੰ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਥਾਣਾ ਛਾਜਲੀ ’ਚ ਹਰਦੀਪ ਸਿੰਘ ਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਖ਼ਿਲਾਫ਼ ਕੇਸ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਕੋਲੋਂ 150 ਲਿਟਰ ਨਕਲੀ ਦੁੱਧ, 5 ਟੀਨ ਰਿਫਾਇੰਡ, ਕਾਸਟਿਕ ਸੋਡਾ, 3 ਮਿਕਸੀਆਂ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ।