ਪੰਜਾਬ ਵਿਚ Pitbull ਕੁੱਤਿਆਂ ਨਾਲ ਜੰਗਲੀ ਜਾਨਵਰਾਂ ਦਾ ਸ਼ਿਕਾਰ; ਮੇਨਕਾ ਗਾਂਧੀ ਦੇ ਦਖ਼ਲ ਮਗਰੋਂ ਮੁਲਜ਼ਮ ਗ੍ਰਿਫ਼ਤਾਰ
ਅਮਨ ਸੂਦ
ਪਟਿਆਲਾ, 3 ਜੁਲਾਈ
Hunting with help of Pitbull: ਪੰਜਾਬ ਵਿਚ ਪਿਟਬੁੱਲ ਕੁੱਤਿਆਂ ਦੀ ਮਦਦ ਨਾਲ ਸੁਰੱਖਿਅਤ ਜੰਗਲੀ ਜਾਨਵਰਾਂ ਦੇ ਸ਼ਿਕਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਜਾਨਵਰਾਂ ਦੇ ਅਧਿਕਾਰਾਂ ਬਾਰੇ ਕਾਰਕੁਨ ਮੇਨਕਾ ਗਾਂਧੀ ਦੇ ਦਖਲ ਨਾਲ ਜੰਗਲੀ ਜੀਵ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਦੇ ਪਿੰਡ ਜਨਸੂਆ ਵਾਸੀ ਅਜੈ ਕੁਮਾਰ ਨੂੰ ਸ਼ਿਕਾਰ ਕਰਨ ਅਤੇ ਸੋਸ਼ਲ ਮੀਡੀਆ ’ਤੇ ਵੀਡੀਓ ਅਪਲੋਡ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੇ ਦੋ ਕੁੱਤੇ ਵੀ ਜ਼ਬਤ ਕੀਤੇ ਗਏ ਹਨ।
ਪਟਿਆਲਾ ਦੇ ਡਿਵੀਜ਼ਨਲ ਜੰਗਲਾਤ ਅਧਿਕਾਰੀ (ਜੰਗਲੀ ਜੀਵ) ਗੁਰਮਨਪ੍ਰੀਤ ਸਿੰਘ ਨੇ ਕਿਹਾ ਕਿ ਮੇਨਕਾ ਗਾਂਧੀ ਦੇ ਦਫ਼ਤਰ ਤੋਂ ਇੱਕ ਸ਼ਿਕਾਇਤ ਅਤੇ ਇੱਕ ਪੈੱਨ ਡਰਾਈਵ ਪ੍ਰਾਪਤ ਹੋਈ ਹੈ, ਜਿਸ ਵਿੱਚ ਮੁਲਜ਼ਮ ਵੱਲੋਂ ਇੰਸਟਾਗ੍ਰਾਮ ’ਤੇ ਪੋਸਟ ਕੀਤੀ ਗਈ ਵੀਡੀਓ ਸੀ। ਵੀਡੀਓ ਵਿੱਚ, ਅਜੈ ਕੁਮਾਰ ਆਪਣੇ ਕੁੱਤਿਆਂ ਨਾਲ ਸੂਰ ਦਾ ਸ਼ਿਕਾਰ ਕਰਦੇ ਹੋਏ ਦਿਖਾਈ ਦੇ ਰਿਹਾ ਸੀ। ਬਾਅਦ ਵਿੱਚ ਮੁਲਜ਼ਮ ਵੱਲੋਂ ਵੀਡੀਓ ਡਿਲੀਟ ਕਰ ਦਿੱਤੀ ਗਈ।
ਸੂਰ ਭਾਰਤ ਵਿੱਚ ਜੰਗਲੀ ਜੀਵ ਸੁਰੱਖਿਆ ਐਕਟ, 1972 ਦੇ ਸ਼ਡਿਊਲ-4 ਵਿੱਚ ਇੱਕ ਸੁਰੱਖਿਅਤ ਪ੍ਰਜਾਤੀ ਹੈ। ਇਸ ਦਾ ਸ਼ਿਕਾਰ ਕਰਨਾ ਇੱਕ ਸਜ਼ਾਯੋਗ ਅਪਰਾਧ ਹੈ। ਹਾਲਾਂਕਿ ਸੂਰ ਦਾ ਉਸ ਦੀਆਂ ਹੱਡੀਆਂ ਤੇ ਕੰਡਿਆਂ ਦੀ ਦਵਾਈਆਂ ਵਾਸਤੇ ਵਰਤੋਂ ਅਤੇ ਮਾਸ ਲਈ ਅਕਸਰ ਸ਼ਿਕਾਰ ਕੀਤਾ ਜਾਂਦਾ ਹੈ।
ਜੰਗਲਾਤ ਵਿਭਾਗ ਅਤੇ ਪੁਲੀਸ ਦੀ ਇਕ ਸਾਂਝੀ ਟੀਮ ਨੇ ਮੁਲਜ਼ਮ ਨੂੰ 1 ਜੁਲਾਈ ਨੂੰ ਰਾਤ 11:30 ਵਜੇ ਦੇ ਕਰੀਬ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੂੰ ਜੰਗਲੀ ਜੀਵ ਸੁਰੱਖਿਆ ਐਕਟ ਦੀ ਧਾਰਾ 9, 39 ਅਤੇ 51 ਤਹਿਤ ਗ੍ਰਿਫ਼ਤਾਰ ਕੀਤਾ ਗਿਆ।
ਪੁਲੀਸ ਨੂੰ ਸ਼ੱਕ ਹੈ ਕਿ ਮੁਲਜ਼ਮ ਨੇ ਪੁਲੀਸ ਛਾਪੇਮਾਰੀ ਤੋਂ ਪਹਿਲਾਂ ਆਪਣੇ ਕੁਝ ਕੁੱਤੇ ਲੁਕਾ ਲਏ ਸਨ। ਜ਼ਬਤ ਕੀਤੇ ਗਏ ਦੋਵੇਂ ਕੁੱਤੇ ਬਾਕਸਰ ਨਸਲ ਦੇ ਹਨ, ਜੋ ਕਿ ਪਾਬੰਦੀਸ਼ੁਦਾ ਨਸਲਾਂ ਵਿੱਚ ਗਿਣੇ ਜਾਂਦੇ ਹਨ। ਪੁਲੀਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਮੁਲਜ਼ਮ ਨੇ ਹੋਰ ਜਾਨਵਰਾਂ ਦਾ ਵੀ ਸ਼ਿਕਾਰ ਕੀਤਾ ਸੀ, ਅਤੇ ਕੀ ਉਸ ਨੇ ਮਾਸ ਜਾਂ ਅੰਗ ਸਪਲਾਈ ਕੀਤੇ ਸਨ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਮਾਸ ਖਰੀਦਣ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।