ਲੇਬਰਫੈੱਡ ਨਾਲ ਸਬੰਧਤ ਸੈਂਕੜੇ ਸੁਸਾਇਟੀਆਂ ਦਾ ਕੰਮਕਾਜ ਠੱਪ
ਆਤਿਸ਼ ਗੁਪਤਾ
ਚੰਡੀਗੜ੍ਹ, 25 ਜੂਨ
ਪੰਜਾਬ ਵਿੱਚ ਲੇਬਰਫੈੱਡ ਨਾਲ ਸਬੰਧਤ 2800 ਦੇ ਕਰੀਬ ਸੁਸਾਇਟੀਆਂ ਦਾ ਕੰਮਕਾਜ 10 ਮਹੀਨਿਆਂ ਤੋਂ ਠੱਪ ਹੋਣ ਕਾਰਨ ਲਗਪਗ 90 ਹਜ਼ਾਰ ਪਰਿਵਾਰਾਂ ਦਾ ਰੁਜ਼ਗਾਰ ਖੁੱਸ ਗਿਆ ਹੈ। ਇਹ ਪ੍ਰਗਟਾਵਾ ਲੇਬਰਫੈੱਡ ਪੰਜਾਬ ਦੇ ਚੇਅਰਮੈਨ ਵਿਸ਼ਵਾਸ ਸੈਣੀ, ਵਾਈਸ ਚੇਅਰਮੈਨ ਮੋਹਨ ਸਿੰਘ ਤੇ ਹੋਰਨਾਂ ਅਹੁਦੇਦਾਰਾਂ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਪਿਛਲੇ ਲੰਬੇ ਸਮੇਂ ਤੋਂ ਲੇਬਰਫੈੱਡ ਨਾਲ ਜੁੜੀਆਂ ਸੁਸਾਇਟੀਆਂ ਵੱਖ-ਵੱਖ ਵਿਭਾਗਾਂ ਦੇ ਉਸਾਰੀ ਕੰਮਾਂ ਨੂੰ ਬਾਜ਼ਾਰੂ ਕੀਮਤ ਤੋਂ ਘੱਟ ਭਾਅ ’ਤੇ ਕਰਦੀਆਂ ਆ ਰਹੀਆਂ ਹਨ, ਪਰ ਸੂਬਾ ਸਰਕਾਰ ਵੱਲੋਂ ਸੁਸਾਇਟੀਆਂ ਨੂੰ ਦਿੱਤੀ ਜਾਣ ਵਾਲੀਆਂ ਰਿਆਇਤਾਂ ਦਾ ਨੋਟੀਫਿਕੇਸ਼ਨ 13 ਅਗਸਤ 2024 ਨੂੰ ਖ਼ਤਮ ਹੋ ਗਿਆ ਹੈ। ਇਸ ਕਰ ਕੇ ਹੁਣ ਇਹ ਸੁਸਾਇਟੀਆਂ ਸਰਕਾਰੀ ਕੰਮਕਾਜ ਵਿੱਚ ਹਿੱਸਾ ਨਹੀਂ ਲੈ ਸਕਦੀਆਂ। ਸ੍ਰੀ ਸੈਣੀ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਲੇਬਰਫੈੱਡ ਪੰਜਾਬ ਨਾਲ ਸਬੰਧਤ ਸੁਸਾਇਟੀਆਂ ਨੂੂੰ ਵਿਸ਼ੇਸ਼ ਰਿਆਇਤਾਂ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰੇ, ਜਿਸ ਨਾਲ 2800 ਸੁਸਾਇਟੀਆਂ ਨਾਲ ਸਬੰਧਤ 90 ਹਜ਼ਾਰ ਦੇ ਕਰੀਬ ਪਰਿਵਾਰਾਂ ਦੇ ਘਰ ਦਾ ਗੁਜ਼ਾਰਾ ਹੋ ਸਕੇ। ਚੇਅਰਮੈਨ ਨੇ ਕਿਹਾ ਕਿ ਲੇਬਰਫੈੱਡ ਨਾਲ ਸਬੰਧਤ ਜ਼ਿਆਦਾਤਰ ਸੁਸਾਇਟੀਆਂ ਸੜਕ ਉਸਾਰੀ, ਸਰਕਾਰੀ ਸਕੂਲਾਂ ਵਿੱਚ ਕੀਤੇ ਜਾਣ ਵਾਲੇ ਕੰਮ ਤੇ ਹੋਰ ਸਰਕਾਰੀ ਅਦਾਰਿਆਂ ਦੇ ਕੰਮਾਂ ਨੂੰ ਤੈਅ ਰੇਟਾਂ ਤੋਂ ਕਰੀਬ 15 ਫ਼ੀਸਦ ਘਾਟੇ ਵਿੱਚ ਕਰਕੇ ਸੂਬਾ ਸਰਕਾਰ ਨੂੰ ਭਾਰੀ ਵਿੱਤੀ ਸਹਾਇਤਾ ਵੀ ਦਿੰਦਿਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਵੱਲੋਂ ਲੇਬਰਫੈੱਡ ਨਾਲ ਸਬੰਧਤ ਸੁਸਾਇਟੀਆਂ ਤੋਂ ਕੰਮ ਕਰਵਾਇਆ ਜਾਵੇ।