ਥਲ ਸੈਨਾ ’ਚ ਭਰਤੀ ਲਈ ਨੌਜਵਾਨਾਂ ’ਚ ਭਾਰੀ ਉਤਸ਼ਾਹ
ਇੱਥੇ ਥਲ ਸੈਨਾ ’ਚ ਭਰਤੀ ਲਈ ਜਾਰੀ ਅੱਠ ਰੋਜ਼ਾ ਕੈਂਪ ’ਚ ਭਾਗ ਲੈਣ ਲਈ ਨੌਜਵਾਨ ਕਾਫ਼ੀ ਉਤਸ਼ਾਹਿਤ ਹਨ। ਭਾਰਤੀ ਫ਼ੌਜ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਨੌਜਵਾਨਾਂ ਦੀ ਸਰੀਰਕ ਟੈਸਟ ਪਾਸ ਕਰਨ ਦੀ ਦਰ ਵੀ ਕਾਫ਼ੀ ਵਧੀ ਹੈ ਅਤੇ ਇਹ ਕਰੀਬ 65 ਫ਼ੀਸਦੀ ਨੂੰ ਪਾਰ ਕਰ ਰਹੀ ਹੈ। ਭਾਰਤੀ ਫ਼ੌਜ ਵਿੱਚ ‘ਅਗਨੀਵੀਰ’ ਵਜੋਂ ਭਰਤੀ ਲਈ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਜ਼ਿਲ੍ਹਾ ਪਟਿਆਲਾ, ਸ੍ਰੀ ਫ਼ਤਹਿਗੜ੍ਹ ਸਾਹਿਬ, ਸੰਗਰੂਰ, ਮਾਨਸਾ, ਬਰਨਾਲਾ ਤੇ ਮਾਲੇਰਕੋਟਲਾ ਦੇ 10 ਹਜ਼ਾਰ ਦੇ ਕਰੀਬ ਨੌਜਵਾਨ ਇਸ ਮੌਕੇ ਹਾਜ਼ਰ ਸਨ।
ਇਸ ਦੌਰਾਨ ਥਲ ਸੈਨਾ ਦੀ ਪੱਛਮੀ ਕਮਾਨ ਦੇ ਚੀਫ਼ ਆਫ਼ ਸਟਾਫ਼ ਲੈਫਟੀਨੈਂਟ ਜਨਰਲ ਮੋਹਿਤ ਵਧਵਾ ਨੇ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਵਿੱਚ ਅਗਨੀਵੀਰ ਭਰਤੀ ਰੈਲੀ ਦਾ ਜਾਇਜ਼ਾ ਲਿਆ। ਉਨ੍ਹਾਂ ਨੌਜਵਾਨਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਜ਼ੋਨਲ ਰਿਕਰੂਟਿੰਗ ਆਫਿਸ (ਜ਼ੈੱਡਆਰਓ) ਜਲੰਧਰ ਵੱਲੋਂ ਖੜਗਾ ਕੋਰ, ਐਰਾਵਤ ਡਿਵੀਜ਼ਨ ਅਤੇ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਤੇ ਪੁਲੀਸ ਦੇ ਸਹਿਯੋਗ ਨਾਲ ਨੇਪਰੇ ਚੜ੍ਹ ਰਹੀ ਇਸ ਭਰਤੀ ਦੀ ਸਫ਼ਲਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨਾਲ ਗੱਲਬਾਤ ਕੀਤੀ। ਅੱਜ ਸਵੇਰੇ ਡੀਸੀ ਡਾ. ਪ੍ਰੀਤੀ ਯਾਦਵ ਨੇ ਵੀ ਇੱਥੇ ਭਰਤੀ ਪ੍ਰਕਿਰਿਆ ਦਾ ਜਾਇਜ਼ਾ ਲੈਂਦਿਆਂ ਡਾਇਰੈਕਟਰ ਕਰਨਲ ਜੀਆਰਐੱਸ ਰਾਜਾ ਅਤੇ ਕਰਨਲ ਵਿਨੋਦ ਸਿੰਘ ਰਾਵਤ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਮੈਦਾਨ ਵਿੱਚ ਨੌਜਵਾਨਾਂ ਨਾਲ ਗੱਲਬਾਤ ਵੀ ਕੀਤੀ।