ਮੀਂਹ ਕਾਰਨ ਪੰਜਾਬ ’ਚ ਕਈ ਥਾਈਂ ਮਕਾਨ ਢਹੇ, ਦੋ ਹਲਾਕ
ਲਗਾਤਾਰ ਪੈ ਰਹੇ ਮੀਂਹ ਅਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਪੰਜਾਬ ਵਿੱਚ ਵੱਖ-ਵੱਖ ਥਾਈਂ ਤਬਾਹੀ ਮਚੀ ਹੋਈ ਹੈ। ਕਈ ਥਾਵਾਂ ’ਤੇ ਇਮਾਰਤਾਂ ਡਿੱਗ ਪਈਆਂ ਤੇ ਕਈ ਥਾਵਾਂ ’ਤੇ ਪਸ਼ੂਆਂ ਦੇ ਵਾੜਿਆਂ ਨੂੰ ਵੀ ਨੁਕਸਾਨ ਪੁੱਜਿਆ ਹੈ। ਤਪਾ ਦੀ ਪਿਆਰਾ ਲਾਲ ਬਸਤੀ ਵਿੱਚ ਮੀਂਹ ਕਾਰਨ ਇੱਕ ਮਕਾਨ ਦੀ ਛੱਤ ਡਿੱਗ ਗਈ ਤੇ ਮਲਬੇ ਹੇਠ ਆਉਣ ਕਾਰਨ ਔਰਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੋਨੀਆ ਪਤਨੀ ਸੋਨੂ ਬੀਤੀ ਸ਼ਾਮ ਆਪਣੇ ਘਰ ਵਿੱਚ ਕੰਮ ਕਰ ਰਹੀ ਸੀ ਤੇ ਅਚਾਨਕ ਘਰ ਦੀ ਛੱਤ ਡਿੱਗ ਗਈ। ਇਸ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਗੁਆਂਢੀਆਂ ਨੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਤਪਾ ਵਿੱਚ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਿਟੀ ਦੇ ਇੰਚਾਰਜ ਬਲਜੀਤ ਸਿੰਘ ਢਿੱਲੋਂ ਨੇ ਪੁਲੀਸ ਪਾਰਟੀ ਸਣੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ। ਬਸਤੀ ਵਾਸੀਆਂ ਨੇ ਸਰਕਾਰ ਤੋਂ ਪੀੜਤ ਪਰਿਵਾਰ ਲਈ ਮਾਲੀ ਮਦਦ ਦੀ ਮੰਗ ਕੀਤੀ ਹੈ।
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਇਸ ਕਸਬੇ ਦੀ ਪੱਤੀ ਸੇਲਬਰਾਹ ਵਿੱਚ ਬੀਤੀ ਰਾਤ ਮੀਂਹ ਕਾਰਨ ਗ਼ਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਤਿੰਨ ਜਣੇ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਆਪਣੇ ਪਰਿਵਾਰ ਨਾਲ ਕਮਰੇ ਵਿੱਚ ਸੁੱਤਾ ਪਿਆ ਸੀ। ਰਾਤ ਨੂੰ ਕਰੀਬ ਦੋ ਵਜੇ ਅਚਾਨਕ ਕਮਰੇ ਦੀ ਛੱਤ ਡਿੱਗ ਗਈ। ਪਤਾ ਲੱਗਣ ’ਤੇ ਲੋਕਾਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਮਲਬੇ ਹੇਠੋਂ ਕੱਢਿਆ। ਜ਼ਖ਼ਮੀ ਅੰਮ੍ਰਿਤਪਾਲ ਸਿੰਘ, ਉਸ ਦੀ ਪਤਨੀ ਸੰਦੀਪ ਕੌਰ ਅਤੇ ਪੁੱਤਰ ਗੌਰਵ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮੁੱਢਲੀ ਸਹਾਇਤਾ ਉਪਰੰਤ ਉਨ੍ਹਾਂ ਨੂੰ ਸਿਵਲ ਹਸਪਤਾਲ ਬਠਿੰਡਾ ਭੇਜ ਦਿੱਤਾ ਗਿਆ। ਸਮਾਜ ਸੇਵੀ ਸੰਸਥਾਵਾਂ ਨੇ ਸਰਕਾਰ ਤੋਂ ਮੰਗ ਪੀੜਤ ਪਰਿਵਾਰ ਲਈ ਆਰਥਿਕ ਮਦਦ ਦੀ ਮੰਗ ਕੀਤੀ ਹੈ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੋਂ ਨੇੜਲੇ ਪਿੰਡ ਸੰਗਤਪੁਰਾ ਵਿੱਚ ਲੰਘੀ ਰਾਤ ਮੀਂਹ ਕਾਰਨ ਮੱਝਾਂ ਦੇ ਵਾੜੇ ਦੀ ਛੱਤ ਡਿੱਗਣ ਕਾਰਨ ਇੱਕ ਮੱਝ ਮਰ ਗਈ ਅਤੇ ਛੇ ਤੋਂ ਵੱਧ ਪਸ਼ੂ ਜ਼ਖ਼ਮੀ ਹੋ ਗਏ। ਡੇਅਰੀ ਫਾਰਮ ਦਾ ਧੰਦਾ ਕਰਦੇ ਰਘਵੀਰ ਸਿੰਘ ਗੱਗੀ ਨੇ ਦੱਸਿਆ ਹੈ ਕਿ ਹਾਦਸੇ ਮਗਰੋਂ ਉਸ ਨੇ ਲੋਕਾਂ ਦੀ ਮਦਦ ਨਾਲ ਪਸ਼ੂਆਂ ਨੂੰ ਮਲਬੇ ਹੋਠੋਂ ਬਾਹਰ ਕੱਢਿਆ। ਇਸ ਹਾਦਸੇ ਕਾਰਨ ਇੱਕ ਮੱਝ ਮਰ ਗਈ ਜਦੋਂਕਿ ਛੇ ਤੋਂ ਵੱਧ ਪਸ਼ੂ ਜ਼ਖ਼ਮੀ ਹੋ ਗਏ। ਪੀੜਤ ਨੇ ਦੱਸਿਆ ਕਿ ਉਸ ਨੇ ਇੱਕ ਸਾਲ ਪਹਿਲਾਂ ਕਰਜ਼ਾ ਚੁੱਕ ਕੇ ਪਸ਼ੂਆਂ ਦਾ ਵਾੜਾ ਬਣਾਇਆ ਸੀ। ਇਸ ਵਿੱਚ 20 ਪਸ਼ੂ ਬੰਨ੍ਹੇ ਹੋਏ ਸਨ। ਲੋਕਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਹ ਕੁਦਰਤੀ ਕਹਿਰ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦੇਵੇ।
ਤਰਨ ਤਾਰਨ (ਗੁਰਬਖਸ਼ਪੁਰੀ): ਇਲਾਕੇ ਦੇ ਪਿੰਡ ਰਸੂਲਪੁਰ ਦੇ ਦਲਬੀਰ ਸਿੰਘ ਦੀਰਾ ਦੇ ਮਕਾਨ ਦਾ ਵਰਾਂਡਾ ਮੀਂਹ ਕਾਰਨ ਡਿੱਗ ਗਿਆ। ਦੋ ਏਕੜ ਜ਼ਮੀਨ ਦਾ ਮਾਲਕ ਦਲਬੀਰ ਸਿੰਘ ਅੱਜ ਦੇ ਮਸ਼ੀਨੀਕਰਨ ਦੇ ਜ਼ਮਾਨੇ ਵਿੱਚ ਵੀ ਬਲਦਾਂ ਨਾਲ ਵਾਹੀ ਕਰਦਾ ਹੈ| ਉਹ ਬਲਦਾਂ ਨਾਲ ਆਪਣੀ ਵਾਹੀ ਕਰਨ ਦੇ ਨਾਲ ਆਸ-ਪਾਸ ਦੇ ਹੋਰਨਾਂ ਕਿਸਾਨਾਂ ਦੀ ਵੀ ਜ਼ਮੀਨ ਵਾਹ ਕੇ ਘਰ ਦਾ ਗੁਜ਼ਾਰਾ ਕਰਦਾ ਹੈ।
ਸਿਰਸਾ (ਪ੍ਰਭੂ ਦਿਆਲ): ਇੱਥੋਂ ਦੇ ਪਿੰਡ ਕਾਗਦਾਣਾ ’ਚ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਕੰਧ ਡਿੱਗਣ ਕਾਰਨ ਕਿਸਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਕਾਗਦਾਣਾ ਵਾਸੀ 65 ਸਾਲਾ ਕ੍ਰਿਸ਼ਨ ਕੁਮਾਰ ਕੱਲ੍ਹ ਆਪਣੇ ਪਸ਼ੂਆਂ ਵਾਲੇ ਵਾੜੇ ’ਚ ਕੰਮ ਕਰ ਰਿਹਾ ਸੀ। ਇਸ ਦੌਰਾਨ ਵਾੜੇ ਦੀ ਕੱਚੀ ਕੰਧ ਉਸ ਉੱਤੇ ਡਿੱਗ ਗਈ। ਆਵਾਜ਼ ਸੁਣ ਕੇ ਲੋਕ ਤੁਰੰਤ ਕ੍ਰਿਸ਼ਨ ਕੁਮਾਰ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਕ੍ਰਿਸ਼ਨ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ।
ਸਰਹੱਦੀ ਪਿੰਡਾਂ ਵਿੱਚ ਹੜ੍ਹਾਂ ਕਾਰਨ ਹਾਲਾਤ ਵਿਗੜੇ
ਗੁਰਦਾਸਪੁਰ (ਕੇਪੀ ਸਿੰਘ): ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਬੀਤੇ ਕਈ ਘੰਟਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਰਾਵੀ ਕੰਢੇ ਵਸੇ ਸਰਹੱਦੀ ਪਿੰਡਾਂ ਵਿੱਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇੱਥੇ ਨੇੜਲੇ ਪਿੰਡ ਚੱਕ ਸਹਾਇ ਰਾਮਪੁਰ ਅਤੇ ਮਕੌੜਾ ਦੇ ਘਰਾਂ ਵਿੱਚ ਅੱਜ ਪਾਣੀ ਵੜ ਗਿਆ, ਜਿਸ ਕਾਰਨ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਪਠਾਨਕੋਟ (ਐਨਪੀ ਧਵਨ): ਇੱਥੇ ਕੋਹਲੀਆਂ, ਪੰਮਾ ਆਦਿ ਦਰਜਨ ਭਰ ਪਿੰਡਾਂ ਵਿੱਚ ਲੋਕ ਸਵੱਖਤੇ ਹੀ ਪਾਣੀ ਵਿੱਚ ਫਸ ਗਏ। ਉਧਰ, ਰਾਵੀ ਪਾਰ ਦੇ 80 ਪਿੰਡਾਂ ’ਚ ਵੀ ਪਾਣੀ ਨੇ ਭਾਰੀ ਤਬਾਹੀ ਮਚਾਈ। ਫੌਜ ਦੇ ਹੈਲੀਕਾਪਟਰ ਰਾਹੀਂ ਰਾਜਪੁਰਾ ਪਿੰਡ ਕੋਲ ਘਰਾਂ ਦੀਆਂ ਛੱਤਾਂ ’ਤੇ ਚੜ੍ਹੇ 2 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਮੁਕੇਰੀਆਂ (ਜਗਜੀਤ ਸਿੰਘ): ਬਿਆਸ ਦਰਿਆ ਕਿਨਾਰੇ ਵਸੇ ਕਰੀਬ ਅੱਧੀ ਦਰਜਨ ਪਿੰਡ ਪਾਣੀ ਵਿੱਚ ਘਿਰ ਗਏ ਹਨ ਅਤੇ ਲੋਕ ਘਰ ਛੱਡ ਕੇ ਜਾਣ ਲਈ ਰਾਜ਼ੀ ਨਹੀਂ ਹਨ। ਪਿੰਡ ਮੋਤਲਾ, ਕੋਲੀਆਂ, ਮਹਿਤਾਬਪੁਰ, ਮਿਆਣੀ ਮਲਾਹ ਆਦਿ ਪਿੰਡਾਂ ਦਾ ਸੰਪਰਕ ਨੇੜਲੇ ਪਿੰਡਾਂ ਨਾਲੋਂ ਟੁੱਟ ਗਿਆ ਹੈ।
ਫਾਜ਼ਿਲਕਾ (ਪਰਮਜੀਤ ਸਿੰਘ): ਸਰਹੱਦੀ ਪਿੰਡ ਜੰਗੜ ਭੈਣੀ ਵਾਸੀ ਅਤੇ ਬਲਾਕ ਸਮਿਤੀ ਮੈਂਬਰ ਸੁਬੇਗ ਝੰਗੜਭੈਣੀ ਨੇ ਦੱਸਿਆ ਕਿ ਸਤਲੁਜ ਦਰਿਆ ਪਾਰਲੇ ਦਰਜਨ ਦੇ ਕਰੀਬ ਪਿੰਡਾਂ ਅਤੇ ਢਾਣੀਆਂ ਦੇ ਲੋਕਾਂ ਵੱਲੋਂ ਆਪਣੇ ਘਰਾਂ ਵਿੱਚੋਂ ਸਾਮਾਨ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਲਿਜਾਣਾ ਸ਼ੁਰੂ ਕਰ ਦਿੱਤਾ ਹੈ। ਸਰਹੱਦੀ ਲੋਕਾਂ ਲਈ ਹੜ੍ਹ ਸਰਾਪ ਹਨ।
ਡੇਰਾ ਬਾਬਾ ਨਾਨਕ (ਦਲਬੀਰ ਸੱਖੋਵਾਲੀਆ): ਇੱਥੇ ਕੌਮਾਂਤਰੀ ਸਰਹੱਦ ਨੇੜੇ ਫ਼ੌਜ ਦੀ ਪੋਸਟ ਪਾਣੀ ਵਿੱਚ ਡੁੱਬ ਗਈ ਤੇ ਕੁਝ ਹੋਰ ਪੋਸਟਾਂ ਵਿੱਚ ਪਾਣੀ ਭਰ ਗਿਆ। ਹੜ੍ਹਾਂ ਕਾਰਨ ਪਿੰਡਾਂ ਦੇ ਲੋਕ ਸੁਰੱਖਿਅਤ ਸਥਾਨਾਂ ਵੱਲ ਜਾਣ ਲੱਗੇ ਹਨ। ਲੋਕਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ।
ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਕੱਢਣਾ ਜਾਰੀ
ਕਪੂਰਥਲਾ (ਜਸਬੀਰ ਸਿੰਘ ਚਾਨਾ): ਇਥੇ ਐੱਸਡੀਆਰਐੱਫ ਦੀਆਂ ਟੀਮਾਂ ਵੱਲੋਂ ਪ੍ਰਭਾਵਿਤ ਪਿੰਡਾਂ ਬਾਊਪੁਰ ਜਦੀਦ, ਬਾਊਪੁਰ ਕਦੀਮ, ਸਾਂਗਰਾ, ਰਾਮਪੁਰ ਗੋਰਾ, ਮੰਡ ਭੀਮ ਕਦੀਮ, ਮੰਡ ਬੰਧੂ ਜਦੀਦ, ਮੁਹੰਮਦਾਬਾਦ ਵਿੱਚੋਂ ਲਗਪਗ 45 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ, ਇਨ੍ਹਾਂ ਵਿੱਚ ਵਧੇਰੇ ਮਹਿਲਾਵਾਂ ਤੇ ਬੱਚੇ ਸਨ। ਐੱਸਡੀਆਰਐੱਫ ਦੇ ਟੀਮ ਕਮਾਂਡਰ ਇੰਸਪੈਕਟਰ ਦੀਪਕ ਨੇ ਦੱਸਿਆ ਕਿ ਟੀਮਾਂ ਵੱਲੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਦੇ ਨਾਲ-ਨਾਲ ਉਨ੍ਹਾਂ ਦਾ ਕੀਮਤੀ ਸਾਮਾਨ ਵੀ ਕੱਢਿਆ ਜਾ ਰਿਹਾ ਹੈ।
ਚੱਕੀ ਪੁਲ ਦੇ ਨੁਕਸਾਨੇ ਜਾਣ ਕਾਰਨ ਜੰਮੂ-ਜਲੰਧਰ ਰੇਲਵੇ ਟਰੈਕ ਬੰਦ
ਜਲੰਧਰ (ਹਤਿੰਦਰ ਮਹਿਤਾ): ਮੀਂਹ ਕਾਰਨ ਪਠਾਨਕੋਟ ’ਚ ਚੱਕੀ ਪੁਲ ਨੂੰ ਨੁਕਸਾਨ ਪਹੁੰਚਿਆ ਹੈ। ਬਿਆਸ ਦਰਿਆ ’ਤੇ ਬਣੇ ਇਸ ਪੁਲ ਹੇਠੋਂ ਮਿੱਟੀ ਧਸਣ ਕਾਰਨ ਖ਼ਤਰਾ ਵਧ ਗਿਆ ਹੈ। ਇਸ ਕਰਕੇ ਰੇਲਵੇ ਦੀ ਜੰਮੂ ਡਿਵੀਜ਼ਨ ਨੇ ਜੰਮੂ-ਜਲੰਧਰ ਰੇਲਵੇ ਟਰੈਕ ਬੰਦ ਕਰ ਦਿੱਤਾ ਹੈ। ਇਸ ਕਾਰਨ ਲਗਪਗ 90 ਰੇਲਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਕੁਝ ਟਰੇਨਾਂ ਨੂੰ ਪਠਾਨਕੋਟ-ਅੰਮ੍ਰਿਤਸਰ ਤੇ ਜਲੰਧਰ ਰੂਟ ਤੋਂ ਰਵਾਨਾ ਕੀਤਾ ਜਾ ਰਿਹਾ ਹੈ।