ਅੰਤਰ-ਜਾਤੀ ਵਿਆਹ ਕਰਵਾਉਣ ’ਤੇ ਘਰ ਫੂਕਿਆ
ਘਰੋਟਾ ਬਲਾਕ ਦੇ ਪਿੰਡ ਸ਼ਾਵਲਾ ਵਿੱਚ ਅੰਤਰ-ਜਾਤੀ ਵਿਆਹ ਕਰਵਾਉਣ ਵਾਲੇ ਨੌਜਵਾਨ ਦੇ ਘਰ ਨੂੰ ਲੜਕੀ ਵਾਲਿਆਂ ਦੇ ਪਰਿਵਾਰ ਨੇ ਅੱਗ ਲਗਾ ਦਿੱਤੀ। ਸਦਰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਰਪੰਚ ਨੂੰ ਨਾਲ ਲੈ ਕੇ ਅੱਗ ਬੁਝਾਈ। ਪੁਲੀਸ ਨੇ ਦੋ ਔਰਤਾਂ...
ਘਰੋਟਾ ਬਲਾਕ ਦੇ ਪਿੰਡ ਸ਼ਾਵਲਾ ਵਿੱਚ ਅੰਤਰ-ਜਾਤੀ ਵਿਆਹ ਕਰਵਾਉਣ ਵਾਲੇ ਨੌਜਵਾਨ ਦੇ ਘਰ ਨੂੰ ਲੜਕੀ ਵਾਲਿਆਂ ਦੇ ਪਰਿਵਾਰ ਨੇ ਅੱਗ ਲਗਾ ਦਿੱਤੀ। ਸਦਰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਰਪੰਚ ਨੂੰ ਨਾਲ ਲੈ ਕੇ ਅੱਗ ਬੁਝਾਈ। ਪੁਲੀਸ ਨੇ ਦੋ ਔਰਤਾਂ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਬੀ ਐੱਨ ਐੱਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਤੇ ਐੱਸ ਸੀ/ਐੱਸ ਟੀ ਐਕਟ ਤਹਿਤ ਕੇਸ ਦਰਜ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਲੜਕੀ ਦੇ ਦਾਦਾ ਮੁਲਖ ਰਾਜ, ਸ੍ਰਿਸ਼ਟਾ ਦੇਵੀ ਅਤੇ ਬਲਵਿੰਦਰ ਕੌਰ ਵਜੋਂ ਹੋਈ ਹੈ।
ਪੁਲੀਸ ਨੂੰ ਦਰਜ ਕਰਵਾਏ ਗਏ ਬਿਆਨਾਂ ਵਿੱਚ ਲੜਕੇ ਦੀ ਮਾਂ ਨਿਸ਼ਾ ਦੇਵੀ ਨੇ ਕਿਹਾ ਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ ਅਤੇ ਉਸ ਦਾ ਵੱਡਾ ਪੁੱਤਰ ਦੁਬਈ ਵਿੱਚ ਕੰਮ ਕਰਦਾ ਹੈ। ਕੁਝ ਦਿਨ ਪਹਿਲਾਂ, ਉਹ ਦੁਬਈ ਤੋਂ ਵਾਪਸ ਆਇਆ ਅਤੇ ਉਸ ਨੇ ਸੈਣੀ ਭਾਈਚਾਰੇ ਦੀ ਲੜਕੀ ਨਾਲ ਅਦਾਲਤੀ ਵਿਆਹ ਕਰਵਾ ਲਿਆ। ਇਨ੍ਹਾਂ ਦੋਵਾਂ ਦੇ ਕਰੀਬ ਚਾਰ ਸਾਲਾਂ ਤੋਂ ਪ੍ਰੇਮ ਸਬੰਧ ਸਨ। ਕੱਲ੍ਹ ਜਦੋਂ ਲੜਕੀ ਦੇ ਪਰਿਵਾਰ ਨੂੰ ਅਦਾਲਤ ਵਿੱਚ ਵਿਆਹ ਕਰਵਾਉਣ ਬਾਰੇ ਪਤਾ ਲੱਗਾ ਤਾਂ ਸ਼ਾਮ ਨੂੰ ਲੜਕੀ ਦੇ ਪਰਿਵਾਰ ਨੇ ਗੁੱਸੇ ਵਿੱਚ ਆ ਕੇ ਨੌਜਵਾਨ ਦੇ ਘਰ ਨੂੰ ਅੱਗ ਲਗਾ ਦਿੱਤੀ। ਅੱਗ ਕਾਰਨ ਉਨ੍ਹਾਂ ਦੇ ਘਰ ਦਾ ਕਾਫ਼ੀ ਨੁਕਸਾਨ ਹੋਇਆ ਹੈ। ਐੱਸ ਪੀ ਸੁਖਵਿੰਦਰ ਪਾਲ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕੇਸ ਦਰਜ ਕਰ ਲਿਆ ਹੈ।

