DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘੋੜੇ ਬਿਮਾਰ: ਮੁਹਾਲੀ ਨੇੜਲਾ ਖੇਤਰ ‘ਰੈੱਡ ਜ਼ੋਨ’ ਐਲਾਨਿਆ

ਘੋੜਿਆਂ ਵਿੱਚ ‘ਗਲੈਂਡਰ’ ਦੀ ਪੁਸ਼ਟੀ; ਪੁਲੀਸ ਨੇ ਘੋੜਿਆਂ ਦੀ ਆਵਾਜਾਈ ਰੋਕੀ
  • fb
  • twitter
  • whatsapp
  • whatsapp
Advertisement
ਪੰਜਾਬ ਸਰਕਾਰ ਨੇ ਘੋੜਿਆਂ ’ਚ ‘ਗਲੈਂਡਰ’ ਨਾਮ ਦੀ ਬਿਮਾਰੀ ਦੇ ਕੇਸ ਦੀ ਪੁਸ਼ਟੀ ਮਗਰੋਂ ਮੁਹਾਲੀ-ਚੰਡੀਗੜ੍ਹ ਦੇ ਆਸ ਪਾਸ ਦੇ ਖੇਤਰ ਨੂੰ ‘ਰੈੱਡ ਜ਼ੋਨ’ ਘੋਸ਼ਿਤ ਕਰ ਦਿੱਤਾ ਹੈ। ਮੁਹਾਲੀ ਜ਼ਿਲ੍ਹੇ ਦੇ ਪਿੰਡ ਕਰੌਰਾਂ ’ਚ ਕਰੀਬ ਮਹੀਨਾ ਪਹਿਲਾਂ ਘੋੜਿਆਂ ’ਚ ਇਸ ਬਿਮਾਰੀ ਦਾ ਕੇਸ ਸਾਹਮਣੇ ਆਇਆ ਸੀ ਅਤੇ ਇਸ ਬਿਮਾਰੀ ਦੀ ਪੁਸ਼ਟੀ ਹਿਸਾਰ ਦੇ ਘੋੜਿਆਂ ਦੇ ਕੌਮੀ ਖੋਜ ਕੇਂਦਰ ਨੇ ਵੀ ਕੀਤੀ ਸੀ। ਇਸ ਕੌਮੀ ਕੇਂਦਰ ਨੇ ਘੋੜਿਆਂ ’ਚ ‘ਗਲੈਂਡਰ’ ਨਾਮ ਦੀ ਬਿਮਾਰੀ ਨੂੰ ਲੈ ਕੇ ਚੌਕਸ ਕੀਤਾ ਸੀ। ਇਹ ਲਾਗ ਦੀ ਬਿਮਾਰੀ ਲਾਇਲਾਜ ਹੈ। ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਨੇ ਇਸ ਬਿਮਾਰੀ ਦੀ ਪੁਸ਼ਟੀ ਮਗਰੋਂ ਮੁਹਾਲੀ ਨੇੜਲੇ ਪੰਜ ਕਿੱਲੋਮੀਟਰ ਦੇ ਖੇਤਰ ਨੂੰ ‘ਰੈੱਡ ਜ਼ੋਨ’ ਐਲਾਨ ਦਿੱਤਾ ਹੈ। 5 ਤੋਂ 25 ਕਿੱਲੋਮੀਟਰ ਦੇ ਖੇਤਰ ਨੂੰ ‘ਸਕਰੀਨਿੰਗ ਜ਼ੋਨ’ ਘੋਸ਼ਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਪਹਿਲੀ ਮਾਰਚ ਨੂੰ ਮੁਹਾਲੀ ਜ਼ਿਲ੍ਹੇ ’ਚ ਪਹਿਲਾ ਘੋੜ ਸਵਾਰੀ ਉਤਸਵ ਮਨਾਇਆ ਸੀ, ਜੋ ਪ੍ਰਭਾਵਿਤ ਪਿੰਡ ਦੇ ਖੇਤਰ ਵਿੱਚ ਹੀ ਹੈ। ਇਸ ਉਤਸਵ ਵਿੱਚ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਸ਼ਾਮਲ ਹੋਏ ਸਨ।

ਪੰਜਾਬ ਪੁਲੀਸ ਨੇ ਵੀ ਮੁਹਾਲੀ ਦੇ ‘ਰੈੱਡ ਜ਼ੋਨ’ ਵਿੱਚ ਸਰਕਾਰੀ ਘੋੜਿਆਂ ਦੀ ਆਮਦ ਨੂੰ ਰੋਕ ਦਿੱਤਾ ਹੈ। ਮੁਹਾਲੀ ਵਿੱਚ ਕਾਫ਼ੀ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚਾ ਚੱਲ ਰਿਹਾ ਹੈ ਜਿਸ ਦੇ ਮੱਦੇਨਜ਼ਰ ਦੂਸਰੇ ਜ਼ਿਲ੍ਹਿਆਂ ਦੀ ਘੋੜ ਸਵਾਰ ਪੁਲੀਸ ਮੁਹਾਲੀ ਵਿੱਚ ਡਿਊਟੀ ’ਤੇ ਤਾਇਨਾਤ ਰਹਿੰਦੀ ਹੈ। ਸਟੇਟ ਆਰਮਡ ਪੁਲੀਸ ਜਲੰਧਰ ਨੇ ਜ਼ਿਲ੍ਹਾ ਪੁਲੀਸ ਕਪਤਾਨਾਂ ਨੂੰ 4 ਅਗਸਤ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਕੌਮੀ ਇਨਸਾਫ਼ ਮੋਰਚੇ ਦੇ ਮੱਦੇਨਜ਼ਰ ਜ਼ਿਲ੍ਹਾ ਮੁਹਾਲੀ ’ਚ ਘੋੜਿਆਂ ਦੀ ਡਿਊਟੀ ਨਾ ਲਗਾਈ ਜਾਵੇ।

Advertisement

ਪੁਲੀਸ ਨੇ ਪੱਤਰ ’ਚ ਕਿਹਾ ਹੈ ਕਿ ‘ਗਲੈਂਡਰ’ ਨਾਮ ਦੀ ਬਿਮਾਰੀ ਨਾਲ ਘੋੜੇ ਦੀ ਮੌਤ ਦੇ ਕਾਰਨ ਜ਼ਿਆਦਾ ਵਧ ਜਾਂਦੇ ਹਨ ਅਤੇ ਇਹ ਬਿਮਾਰੀ ਘੋੜਿਆਂ ਤੋਂ ਇਨਸਾਨਾਂ ਵਿੱਚ ਵੀ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ। ਪੀਏਪੀ ਬਟਾਲੀਅਨਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਪਸ਼ੂ ਪਾਲਣ ਵਿਭਾਗ ਦੀ ਐਡਵਾਈਜ਼ਰੀ ਜਾਰੀ ਹੋਣ ਕਰਕੇ ਘੋੜਿਆਂ ਨੂੰ ਪੀਏਪੀ ਦੇ ਅਸਤਬਲਾਂ ਵਿੱਚ ਹੀ ਰੱਖਿਆ ਜਾਵੇ।

ਦੱਸਣਯੋਗ ਹੈ ਕਿ ਮਈ 2023 ਵਿੱਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਲਹਿਰਾ ਮੁਹੱਬਤ ਵਿੱਚ ਇੱਕ ਘੋੜੇ ਦੀ ਮੌਤ ਇਸੇ ਬਿਮਾਰੀ ਨਾਲ ਹੋਈ ਸੀ ਅਤੇ ਉਸ ਸਮੇਂ ਸਬੰਧਤ ਘੋੜਾ ਪਾਲਕ ਨੇ ਆਪਣੇ ਦੋ ਘੋੜੇ ਲਾਪਤਾ ਵੀ ਕਰ ਦਿੱਤੇ ਸਨ। ਪੰਜਾਬ ਪੁਲੀਸ ਨੇ ਉਸ ਘੋੜਾ ਪਾਲਕ ’ਤੇ ਕੇਸ ਦਰਜ ਕੀਤਾ ਸੀ। ਉਸ ਵਰ੍ਹੇ ਕਰੀਬ ਸੱਤ ਘੋੜਿਆਂ ਦੀ ਸਮੁੱਚੇ ਪੰਜਾਬ ਵਿੱਚ ਮੌਤ ਹੋ ਗਈ ਸੀ। ਘੋੜਿਆਂ ਦੇ ਮੇਲਿਆਂ ’ਤੇ ਵੀ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਸੀ।

Advertisement
×