ਪੰਜਾਬ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਵੱਲੋਂ ਕਰਵਾਏ ਜਾ ਰਹੇ ਦੂਜੇ ਘੋੜ ਸਵਾਰੀ ਉਤਸਵ ਦੀ ਅੱਜ ਰੰਗਾ-ਰੰਗ ਸ਼ੁਰੂਆਤ ਹੋਈ। ਅੱਜ ਉਦਘਾਟਨੀ ਸਮਾਗਮ ਦੌਰਾਨ ਕਲਾਕਾਰਾਂ ਨੇ ਵੱਖ ਵੱਖ ਰਾਜਾਂ ਦੀਆਂ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤੇ ਮੇਲਾ ਨੋਡਲ ਅਫ਼ਸਰ ਸੋਨਮ ਚੌਧਰੀ ਦੀ ਅਗਵਾਈ ਵਿੱਚ ਹੋ ਰਹੇ ਇਸ ਤਿੰਨ ਰੋਜ਼ਾ ਉਤਸਵ ਦੇ ਪਹਿਲੇ ਦਿਨ ਸਾਂਝੇ ਪੰਜਾਬ ਦੀਆਂ ਵੱਖ-ਵੱਖ ਸਭਿਆਚਾਰਕ ਵੰਨਗੀਆਂ ਦੀਆਂ ਝਲਕੀਆਂ ਖਿੱਚ ਦਾ ਕੇਂਦਰ ਬਣੀਆਂ।
ਸਭਿਆਚਾਰਕ ਪ੍ਰੋਗਰਾਮਾਂ ਦੇ ਮੇਜ਼ਬਾਨ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਦੇਖ ਰੇਖ ਹੇਠ ਕਲਾਕਾਰਾਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਮੇਲੇ ਦਾ ਆਗਾਜ਼ ਕਰਨ ਮੌਕੇ ਹਰਿਆਣਾ ਦਾ ਲੋਕ ਨਾਚ ਘੂਮਰ, ਯਮੁਨਾ ਪਾਰ ਦਾ ਲੋਕ ਨਾਚ ਬੀਨ-ਜੋਗੀ, ਪੰਜਾਬ ਦੇ ਰਵਾਇਤੀ ਲੋਕ ਨਾਚ ਭੰਗੜਾ, ਝੂਮਰ, ਲੁੱਡੀ, ਸੰਮੀ, ਰਾਜਸਥਾਨ ਦਾ ਡਾਂਸ, ਮਲਵਈ ਗਿੱਧਾ ਅਤੇ ਕਠਪੁਤਲੀ ਨਾਚ ਸਭ ਦੀ ਪਸੰਦ ਬਣੇ। ਇਸੇ ਦੌਰਾਨ ਸਾਰੰਗੀ, ਅਲਗੋਜ਼ਿਆਂ ਅਤੇ ਢੋਲ ਦੀਆਂ ਤਾਲਾਂ ਦੇ ਸੰਗਮ ਨੇ ਪੂਰੇ ਮੇਲੇ ਨੂੰ ਪੰਜਾਬੀ ਸੰਗੀਤ ਦੇ ਰੰਗ ਵਿੱਚ ਰੰਗ ਦਿੱਤਾ। ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਨੇ ਦੱਸਿਆ ਕਿ ਇਸ ਮੇਲੇ ਵਿੱਚ ਘੋੜਿਆਂ ਦੀ ਪ੍ਰਦਰਸ਼ਨੀ ਦੌਰਾਨ ਦੇਸ਼ ਤੇ ਵਿਦੇਸ਼ਾਂ ਤੋਂ ਆਏ ਵੱਖ-ਵੱਖ ਨਸਲਾਂ ਤੇ ਰੰਗਾਂ ਦੇ ਲਗਪਗ 500 ਘੋੜੇ ਪ੍ਰਦਰਸ਼ਿਤ ਹੋਣਗੇ। ਇਸ ਤੋਂ ਇਲਾਵਾ ਇਸ ਮੇਲੇ ਦੌਰਾਨ ਸ਼ੋਅ ਜੰਪਿੰਗ, ਟੈਂਟ ਪੈਗਿੰਗ, ਡਰੈਸੇਜ਼, ਹੈਕਸ, ਕਰਾਸ ਕੰਟਰੀ, ਪੋਲੋ ਪ੍ਰਦਰਸ਼ਨ ਅਤੇ ਸ਼ੋਅ ਜੰਪਿੰਗ ਸਮੇਤ 23 ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਣਗੇ।

