ਮਨੋਜ ਸ਼ਰਮਾ
ਭਾਰਤ ਤੇ ਪਾਕਿਸਤਾਨ ਦਰਮਿਆਨ 1971 ਵਿੱਚ ਹੋਈ ਜੰਗ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਫੌ਼ਜ ਦੀ 23ਵੀਂ ਪੰਜਾਬ ਰੈਜੀਮੈਂਟ (ਲੌਂਗੇਵਾਲਾ) ਦੇ ਸਾਬਕਾ ਫ਼ੌਜੀਆਂ ਦਾ ਅੱਜ ਇੱਥੇ ਸਨਮਾਨ ਕੀਤਾ ਗਿਆ। ਸਾਬਕਾ ਸੈਨਿਕ 1971 ਦੀ ਲੌਂਗੇਵਾਲਾ ਲੜਾਈ ਨੂੰ ਯਾਦ ਕਰਨ ਲਈ ਬਠਿੰਡਾ ਵਿੱਚ ਇਕੱਤਰ ਹੋਏ ਸਨ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਸਾਬਕਾ ਸੈਨਿਕਾਂ ਨੇ ਜੰਗ ਅਤੇ ਪਾਕਿਸਤਾਨੀ ਫੌਜਾਂ ’ਤੇ ਸ਼ਾਨਦਾਰ ਜਿੱਤ ਨੂੰ ਯਾਦ ਕਰਦਿਆਂ ਲੜਾਈ ਨਾਲ ਜੁੜੇ ਆਪਣੇ ਤਜਰਬੇ ਸਾਂਝੇ ਕੀਤੇ।
ਸਾਬਕਾ ਕੈਪਟਨ ਬਲਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਲੌਂਗੇਵਾਲਾ ਚੌਕੀ ’ਤੇ ਤਾਇਨਾਤ 23ਵੀਂ ਪੰਜਾਬ ਰੈਜੀਮੈਂਟ ਦੇ ਲਗਪਗ 80 ਫੌਜੀਆਂ ਨੇ ਪਾਕਿਸਤਾਨ ਦੇ 2,000 ਫ਼ੌਜੀਆਂ ਨੂੰ ਖਦੇੜ ਕੇ ਚੌਕੀ ’ਤੇ ਕਬਜ਼ਾ ਕਰ ਲਿਆ ਸੀ।
ਸਾਬਕਾ ਸਿਪਾਹੀ ਜਗਜੀਤ ਸਿੰਘ (ਫਿਰੋਜ਼ਪੁਰ) ਨੇ ਕਿਹਾ ਕਿ ਪਾਕਿਸਤਾਨੀ ਫੌ਼ਜ ਨੇ 4 ਦਸੰਬਰ ਨੂੰ 45 ਟੈਂਕਾਂ ਨਾਲ ਘੇਰਾ ਪਾਇਆ ਸੀ ਪਰ ਮੇਜਰ ਚਾਂਦਪੁਰੀ ਦੇ ਹੁਕਮ ’ਤੇ ਜਵਾਨਾਂ ਨੇ ਬਹਾਦਰੀ ਨਾਲ ਲੜਾਈ ਜਾਰੀ ਰੱਖੀ। ਜਗਦੇਵ ਸਿੰਘ ਨੇ ਕਿਹਾ ਕਿ 23ਵੀਂ ਪੰਜਾਬ ਰੈਜੀਮੈਂਟ ਦੀ ਬਹਾਦਰੀ ਨਾ ਸਿਰਫ਼ ਇਤਿਹਾਸ ਵਿੱਚ ਦਰਜ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਨਾਸਰੋਤ ਬਣੀ ਰਹੇਗੀ। ਇਸ ਮੌਕੇ ਜੰਗ ਵਿੱਚ ਹਿੱਸਾ ਲੈਣ ਵਾਲੇ ਸੈਨਿਕਾਂ ਜਗਦੇਵ ਸਿੰਘ (ਫ਼ਿਰੋਜ਼ਪੁਰ), ਸੁਖਦੇਵ ਸਿੰਘ (ਮਾਨਸਾ) ਅਤੇ ਗੁਰਮੇਲ ਸਿੰਘ (ਬੁਢਲਾਡਾ) ਨੂੰ ਸਨਮਾਨਿਤ ਕੀਤਾ ਗਿਆ।

