ਹਿਮਾਚਲ: 25.19 ਗ੍ਰਾਮ ਹੈਰੋਇਨ ਸਮੇਤ ਗੁਰਦਾਸਪੁਰ ਵਾਸੀ ਚਾਰ ਨੌਜਵਾਨ ਗ੍ਰਿਫ਼ਤਾਰ
ਨਸ਼ਾ ਵਿਰੋਧੀ ਵਿਸ਼ੇਸ਼ ਮੁਹਿੰਮ ਤਹਿਤ ਕਾਂਗੜਾ ਜ਼ਿਲ੍ਹਾ ਪੁਲੀਸ ਨੇ ਜ਼ਿਲ੍ਹੇ ਦੇ ਗੱਗਲ ਵਿੱਚ ਪੰਜਾਬ ਰਜਿਸਟਰਡ ਵਾਹਨ ’ਚ ਸਫ਼ਰ ਕਰ ਰਹੇ ਗੁਰਦਾਸਪੁਰ ਜ਼ਿਲ੍ਹੇ (ਪੰਜਾਬ) ਦੇ ਚਾਰ ਵਿਅਕਤੀਆਂ ਕੋਲੋਂ 25.19 ਗ੍ਰਾਮ ਚਿੱਟਾ (ਹੈਰੋਇਨ) ਬਰਾਮਦ ਕੀਤੀ ਹੈ। ਗਸ਼ਤ ਦੌਰਾਨ ਪੁਲਿਸ ਥਾਣਾ ਗੱਗਲ ਦੀ ਟੀਮ ਨੇ ਵਾਹਨ ਨੂੰ ਰੋਕਿਆ ਅਤੇ ਕਥਿਤ ਦੋਸ਼ੀਆਂ - ਗੁਰਿੰਦਰ ਸਿੰਘ (30) ਵਾਸੀ ਰਸੂਲਪੁਰ, ਰੁਪਿੰਦਰ ਕੌਰ (21) ਵਾਸੀ ਨੀਲਕਲਾਂ, ਅਰਿਥਪਾਲ (22) ਵਾਸੀ ਰਸੂਲਪੁਰ ਅਤੇ ਰੁਪਿੰਦਰ ਸਿੰਘ (26) ਵਾਸੀ ਦਪਾਈ ਦੀ ਚੈਕਿੰਗ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ।
ਪੁਲਿਸ ਨੇ ਉਨ੍ਹਾਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰਦਿਆਂ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਅਗਲੀ ਜਾਂਚ ਕੀਤੀ ਜਾ ਰਹੀ ਹੈ। ਕਾਂਗੜਾ ਪੁਲੀਸ ਦੇ ਐੱਸਪੀ ਅਸ਼ੋਕ ਰਤਨ ਨੇ ਦੁਹਰਾਇਆ ਕਿ ਨਸ਼ਾ ਵਿਰੋਧੀ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਜਾਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।