ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਿਮਾਚਲ: ਕੁੱਲੂ ’ਚ ਬੱਦਲ ਫਟਿਆ ਤੇ ਕਾਂਗੜਾ ’ਚ ਹੜ੍ਹ, ਪੰਜ ਮੌਤਾਂ

ਦੋ ਲਾਸ਼ਾਂ ਬਰਾਮਦ; 20 ਲਾਪਤਾ; ਐੱਸਡੀਆਰਐੱਫ ਤੇ ਐੱਨਡੀਆਰਐੱਫ ਟੀਮਾਂ ਰਾਹਤ ਕਾਰਜਾਂ ’ਚ ਜੁਟੀਆਂ
Advertisement

ਗਿਆਨ ਠਾਕੁਰ

ਸ਼ਿਮਲਾ, 25 ਜੂਨ

Advertisement

ਮੌਨਸੂਨ ਨੇ ਹਿਮਾਚਲ ਵਿੱਚ ਦਸਤਕ ਦਿੰਦਿਆਂ ਹੀ ਤਬਾਹੀ ਮਚਾ ਦਿੱਤੀ ਹੈ। ਅੱਜ ਕੁੱਲੂ ’ਚ ਬੱਦਲਣ ਫਟਣ ਅਤੇ ਕਾਂਗੜਾ ’ਚ ਭਾਰੀ ਮੀਂਹ ਕਰਕੇ ਆਏ ਹੜ੍ਹ ’ਚ ਵਹਿਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 20 ਹੋਰ ਲਾਪਤਾ ਹਨ। ਜਾਣਕਾਰੀ ਅਨੁਸਾਰ ਕਾਂਗੜਾ ਜ਼ਿਲ੍ਹੇ ਦੇ ਖਨਿਆਰਾ ਇਲਾਕੇ ਵਿੱਚ ਮਨੂਨੀ ਖੱਡ ਕੋਲ ਆਏ ਹੜ੍ਹ ਕਾਰਨ ਨਿਰਮਾਣ ਅਧੀਨ ਪ੍ਰਿਯਦਰਸ਼ਨੀ ਪਣਬਿਜਲੀ ਪ੍ਰਾਜੈਕਟ ’ਤੇ ਕੰਮ ਕਰ ਰਹੇ 20 ਮਜ਼ਦੂਰ ਵਹਿ ਗਏ। ਕਾਂਗੜਾ ਦੀ ਐੱਸਪੀ ਸ਼ਾਲਿਨੀ ਅਗਨੀਹੋਤਰੀ ਨੇ ਕਿਹਾ ਕਿ ਹੁਣ ਤੱਕ ਦੋ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਲਾਪਤਾ ਮਜ਼ਦੂਰਾਂ ਦੀ ਭਾਲ ਜਾਰੀ ਹੈ। ਪੁਲੀਸ ਤੋਂ ਇਲਾਵਾ ਐੱਸਡੀਆਰਐੱਫ ਅਤੇ ਹੋਰ ਏਜੰਸੀਆਂ ਦੀ ਮਦਦ ਵੀ ਲਈ ਜਾ ਰਹੀ ਹੈ। ਐੱਨਡੀਆਰਐੱਫ ਨੂੰ ਵੀ ਬੁਲਾਇਆ ਗਿਆ ਹੈ। ਉਧਰ ਕੁੱਲੂ ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਬੱਦਲ ਫਟਣ ਕਾਰਨ ਆਏ ਹੜ੍ਹਾਂ ਵਿੱਚ ਤਿੰਨ ਲੋਕ ਵਹਿ ਗਏ ਅਤੇ ਕਈ ਘਰ, ਸਕੂਲ ਦੀ ਇਮਾਰਤ, ਲਿੰਕ ਸੜਕਾਂ ਅਤੇ ਛੋਟੇ ਪੁਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਕੁੱਲੂ ਜ਼ਿਲ੍ਹੇ ਦੇ ਸੈਂਜ ਵਿੱਚ ਜੀਵਾ ਨਾਲਾ ਅਤੇ ਰੇਹਲਾ ਬਿਹਾਲ ਤੇ ਗੜਸਾ ਖੇਤਰ ਦੇ ਸ਼ਿਲਾਗੜ੍ਹ ’ਚ ਬੱਦਲ ਫਟਣ ਦੀਆਂ ਤਿੰਨ ਘਟਨਾਵਾਂ ਵਾਪਰੀਆਂ। ਅਧਿਕਾਰੀਆਂ ਨੇ ਦੱਸਿਆ ਕਿ ਰੇਹਲਾ ਬਿਹਾਲ ਵਿੱਚ ਆਪਣੇ ਘਰਾਂ ’ਚੋਂ ਸਾਮਾਨ ਕੱਢਣ ਦੀ ਕੋਸ਼ਿਸ਼ ਕਰ ਰਹੇ ਤਿੰਨ ਵਿਅਕਤੀ ਹੜ੍ਹ ਵਿੱਚ ਵਹਿ ਗਏ, ਜੋ ਲਾਪਤਾ ਹਨ। ਕੁੱਲੂ ਦੇ ਵਧੀਕ ਜ਼ਿਲ੍ਹਾ ਕਮਿਸ਼ਨਰ (ਏਡੀਸੀ) ਅਸ਼ਵਨੀ ਕੁਮਾਰ ਨੇ ਕਿਹਾ ਕਿ ਜ਼ਿਲ੍ਹੇ ਦੇ ਮਨਾਲੀ ਅਤੇ ਬੰਜਾਰ ਖੇਤਰਾਂ ਵਿੱਚ ਵੀ ਅਚਾਨਕ ਹੜ੍ਹ ਆ ਗਏ। ਮਨਾਲੀ ਕੋਲ ਬਿਆਸ ਵਿੱਚ ਪਾਣੀ ਦਾ ਪੱਧਣ ਵਧਣ ਕਾਰਨ ਮਨਾਲੀ-ਚੰਡੀਗੜ੍ਹ ਕੌਮੀ ਮਾਰਗ ਨੂੰ ਵੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਵਾਹਨਾਂ ਦੀ ਆਵਾਜਾਈ ਜਾਰੀ ਹੈ।'

ਪਾਲਮਪੁਰ ਵਿੱਚ 145.5 ਮਿਲੀਮੀਟਰ ਮੀਂਹ ਦਰਜ

ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕਈ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪਿਆ ਹੈ। ਪਾਲਮਪੁਰ ਵਿੱਚ ਮੰਗਲਵਾਰ ਸ਼ਾਮ ਤੋਂ 145.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸੇ ਤਰ੍ਹਾਂ ਜੋਗਿੰਦਰਨਗਰ ’ਚ 113 ਮਿਲੀਮੀਟਰ, ਨਾਹਨ ’ਚ 99.8, ਬੈਜਨਾਥ ’ਚ 85, ਪਾਉਂਟਾ ਸਾਹਿਬ ’ਚ 58.4, ਧਰਮਸ਼ਾਲਾ ’ਚ 54.1 ਐਮਐਮ, ਕਾਂਗੜਾ ’ਚ 44.4, ਨਾਰਕੰਡਾ ’ਚ 41, ਜੋਤ ’ਚ 30 ਅਤੇ ਕਸੌਲੀ ਵਿੱਚ 22 ਮਿਲੀਮੀਟਰ ਮੀਂਹ ਪਿਆ।

Advertisement