ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖਡੂਰ ਸਾਹਿਬ ਤੋਂ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅੱਜ ਵੱਡਾ ਝਟਕਾ ਦਿੱਤਾ ਹੈ। ਹਾਈ ਕੋਰਟ ਦੇ ਜਸਟਿਸ ਤ੍ਰਿਭਵਨ ਦਹੀਆ ਨੇ ਵਿਧਾਇਕ ਦੀ ਸਜ਼ਾ ’ਤੇ ਰੋਕ ਲਾਉਣ ਦੀ ਮੰਗ ਕਰਦੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਵਿਧਾਇਕ ਲਾਲਪੁਰਾ ਖ਼ਿਲਾਫ਼ ਹਾਈ ਕੋਰਟ ਦੇ ਆਏ ਫ਼ੈਸਲੇ ਨਾਲ ਹੁਣ ਪੰਜਾਬ ’ਚ ਇੱਕ ਹੋਰ ਜ਼ਿਮਨੀ ਚੋਣ ਹੋਣ ਦੇ ਆਸਾਰ ਬਣ ਗਏ ਹਨ। ਹਾਲਾਂਕਿ ਵਿਧਾਇਕ ਲਾਲਪੁਰਾ ਕੋਲ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਸਿਖ਼ਰਲੀ ਅਦਾਲਤ ’ਚ ਜਾਣ ਦਾ ਇੱਕ ਆਖ਼ਰੀ ਮੌਕਾ ਪਿਆ ਹੈ। ਵਿਧਾਇਕ ਨੇ ਸਤੰਬਰ ’ਚ ਹੀ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਸਜ਼ਾ ’ਤੇ ਰੋਕ ਲਉਣ ਦੀ ਮੰਗ ਕੀਤੀ ਸੀ ਅਤੇ ਨਾਲ ਹੀ ਉਨ੍ਹਾਂ ਨੇ ਜ਼ਮਾਨਤ ਵੀ ਮੰਗੀ ਸੀ। ਅੱਜ ਅਦਾਲਤ ’ਚ ਕਰੀਬ ਇੱਕ ਘੰਟਾ ਬਹਿਸ ਚੱਲੀ। ਅਦਾਲਤ ’ਚ ਦੋਸ਼ੀ ਦੇ ਵਕੀਲਾਂ ਨੇ ਪੀੜਤ ਮਹਿਲਾ ਵੱਲੋਂ ਜਾਤੀ ਸਰਟੀਫਿਕੇਟ ਬਾਅਦ ’ਚ ਦੇਣ ’ਤੇ ਉਂਗਲ ਉਠਾਈ। ਚੇਤੇ ਰਹੇ ਕਿ ਵਿਧਾਇਕ ਲਾਲਪੁਰਾ ਨਾਲ ਜੋ ਦੂਸਰਾ ਦੋਸ਼ੀ ਹਰਵਿੰਦਰ ਸਿੰਘ ਹੈ, ਉਹ ਇਸ ਵੇਲੇ ਤਿਹਾੜ ਜੇਲ੍ਹ ’ਚ ਨਸ਼ਾ ਤਸਕਰੀ ਦੇ ਮਾਮਲੇ ’ਚ ਬੰਦ ਹੈ। ਸਿਆਸੀ ਹਲਕਿਆਂ ਦੀ ਨਜ਼ਰ ਅੱਜ ਹਾਈ ਕੋਰਟ ਦੇ ਫ਼ੈਸਲੇ ’ਤੇ ਲੱਗੀ ਹੋਈ ਸੀ ਅਤੇ ਹੁਣ ਦੇਖਣਾ ਹੋਵੇਗਾ ਕਿ ਖਡੂਰ ਸਾਹਿਬ ਹਲਕੇ ਦੀ ਜ਼ਿਮਨੀ ਚੋਣ ਦਾ ਰਾਹ ਖੁੱਲ੍ਹਦਾ ਹੈ ਜਾਂ ਨਹੀਂ। ਜਾਣਕਾਰੀ ਅਨੁਸਾਰ ਤਰਨ ਤਾਰਨ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ 12 ਸਤੰਬਰ ਨੂੰ ਅੱਧੀ ਦਰਜਨ ਪੁਲੀਸ ਕਰਮੀਆਂ ਅਤੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 12 ਜਣਿਆਂ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਸੀ। ਵਿਧਾਇਕ ਇਸ ਵੇਲੇ ਜੇਲ੍ਹ ’ਚ ਹੈ, ਜਦਕਿ ਪੁਲੀਸ ਮੁਲਾਜ਼ਮ ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋ ਚੁੱਕੀ ਹੈ। ਇਹ ਕਰੀਬ ਦਹਾਕਾ ਪੁਰਾਣਾ ਕੇਸ ਹੈ, ਜਿਸ ’ਚ ਲਾਲਪੁਰਾ ਨੂੰ ਸਜ਼ਾ ਹੋਈ ਹੈ। ਤਰਨ ਤਾਰਨ ’ਚ ਪੈਲੇਸ ’ਚ ਔਰਤ ਦੀ ਸ਼ਰੇਆਮ ਕੁੱਟਮਾਰ ਕੀਤੀ ਗਈ ਸੀ ਅਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ ਗਏ ਸਨ। ਇਹ ਮਾਮਲਾ 3 ਮਾਰਚ 2013 ਦਾ ਹੈ, ਜਦੋਂ ਮਨਜਿੰਦਰ ਸਿੰਘ ਲਾਲਪੁਰਾ ਟੈਕਸੀ ਡਰਾਈਵਰ ਸੀ, ਜਿਸ ’ਤੇ ਵਿਆਹ ’ਚ ਆਈ ਮਹਿਮਾਨ ਔਰਤ ’ਤੇ ਹਮਲਾ ਕਰਨ ਦੇ ਦੋਸ਼ ਤਹਿਤ ਕੇਸ ਦਰਜ ਹੋਇਆ ਸੀ। ਪੀੜਤਾ ਵੱਲੋਂ ਹਰਵਿੰਦਰ ਸਿੰਘ ਤੇ ਮਨਜਿੰਦਰ ਸਿੰਘ ਲਾਲਪੁਰਾ ਦੀਆਂ ਟੈਕਸੀਆਂ ਹਾਇਰ ਕੀਤੀਆਂ ਗਈਆਂ ਸਨ ਅਤੇ ਉਸੇ ਦੌਰਾਨ ਪੀੜਤਾ ਨੂੰ ਇਕੱਲੀ ਦੇਖ ਕੇ ਲਾਲਪੁਰਾ ਤੇ ਉਸ ਦੇ ਸਾਥੀ ਨੇ ਛੇੜਛਾੜ ਕੀਤੀ, ਜਦੋਂ ਰੌਲਾ ਪੈ ਗਿਆ ਤਾਂ ਪੁਲੀਸ ਨੂੰ ਨਾਲ ਲੈ ਕੇ ਲਾਲਪੁਰਾ ਤੇ ਸਾਥੀਆਂ ਨੇ ਬਾਅਦ ’ਚ ਪੀੜਤਾ ਅਤੇ ਉਸ ਦੇ ਪਰਿਵਾਰ ਦੀ ਕੁੱਟਮਾਰ ਕੀਤੀ। ਪੁਲੀਸ ਨੇ ਚਾਰ ਮਾਰਚ 2013 ਨੂੰ ਕੇਸ ਦਰਜ ਕਰ ਲਿਆ ਸੀ।
ਸਪੀਕਰ ਤੱਕ ਪਹੁੰਚ ਕਰਾਂਗੇ: ਸਿੱਧੂ
ਹਾਈ ਕੋਰਟ ਦੇ ਅੱਜ ਦੇ ਫ਼ੈਸਲੇ ਨਾਲ ਲਾਲਪੁਰਾ ਦੀ ਵਿਧਾਇਕੀ ਖ਼ਤਰੇ ’ਚ ਪੈ ਗਈ ਹੈ। ਪੀੜਤਾ ਦੇ ਵਕੀਲ ਗੁਰਬਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਸਜ਼ਾ ਸੁਣਾਏ ਜਾਣ ਤੋਂ ਫ਼ੌਰੀ ਬਾਅਦ ਲਾਲਪੁਰਾ ਦੀ ਵਿਧਾਇਕੀ ਖ਼ਤਮ ਹੋਣੀ ਚਾਹੀਦੀ ਹੈ। ਉਹ ਜਲਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਦਰਖ਼ਾਸਤ ਦੇਣਗੇ ਤਾਂ ਜੋ ਦੋਸ਼ੀ ਮਨਜਿੰਦਰ ਸਿੰਘ ਲਾਲਪੁਰਾ ਦੀ ਮੈਂਬਰੀ ਖ਼ਤਮ ਕਰਾਈ ਜਾ ਸਕੇ।

