ਪੰਜਾਬ ਵਿੱਚ ਭਰਵੇਂ ਮੀਂਹ ਕਾਰਨ ਕਈ ਸ਼ਹਿਰ ਜਲ-ਥਲ
ਆਤਿਸ਼ ਗੁਪਤਾ
ਚੰਡੀਗੜ੍ਹ, 26 ਜੂਨ
ਪੰਜਾਬ ਵਿੱਚ ਅੱਜ ਭਰਵੇਂ ਮੀਂਹ ਨੇ ਲਗਪਗ ਅੱਧੀ ਦਰਜਨ ਤੋਂ ਵੱਧ ਸ਼ਹਿਰਾਂ ਨੂੰ ਜਲ-ਥਲ ਕਰ ਕੇ ਰੱਖ ਦਿੱਤਾ ਹੈ ਤੇ ਇਸ ਨਾਲ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਕਾਫ਼ੀ ਰਾਹਤ ਮਿਲੀ ਹੈ। ਮੀਂਹ ਤੋਂ ਬਾਅਦ ਅੱਜ ਸੂਬੇ ਦਾ ਤਾਪਮਾਨ 8 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ। ਦੂਜੇ ਪਾਸੇ ਮੌਸਮ ਵਿਗਿਆਨੀਆਂ ਨੇ ਅਗਲੇ 5-6 ਦਿਨ ਪੰਜਾਬ ’ਚ ਹਲਕੇ ਤੇ ਦਰਮਿਆਨੇ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 29 ਜੂਨ ਲਈ ਓਰੈਂਜ ਅਤੇ 27, 28, 30 ਜੂਨ ਅਤੇ 1 ਤੇ 2 ਜੁਲਾਈ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਅੱਜ ਅੰਮ੍ਰਿਤਸਰ, ਬਠਿੰਡਾ, ਫ਼ਾਜ਼ਿਲਕਾ, ਫਿਰੋਜ਼ਪੁਰ, ਮੋਗਾ, ਪਠਾਨਕੋਟ, ਫ਼ਰੀਦਕੋਟ, ਪਟਿਆਲਾ ਤੇ ਹੋਰਨਾਂ ਕਈ ਸ਼ਹਿਰਾਂ ਵਿੱਚ ਭਰਵਾਂ ਮੀਂਹ ਪਿਆ। ਇਸ ਦੌਰਾਨ ਜਿੱਥੇ ਲੋਕਾਂ ਨੂੰ ਜਲ-ਥਲ ਕਾਰਨ ਪ੍ਰੇਸ਼ਾਨੀ ਝੱਲਣੀ ਪਈ ਉਥੇ ਹੁੰਮਸ ਭਰੀ ਗਰਮੀ ਤੋਂ ਕਾਫ਼ੀ ਰਾਹਤ ਮਹਿਸੂਸ ਕੀਤੀ। ਮੀਂਹ ਨਾਲ ਝੋਨੇ ਦੀ ਲੁਆਈ ਦੇ ਕੰਮ ’ਚ ਵੀ ਤੇਜ਼ੀ ਆਈ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ 24 ਘੰਟਿਆਂ ਦੌਰਾਨ ਅੰਮ੍ਰਿਤਸਰ ’ਚ ਸਭ ਤੋਂ ਵੱਧ ਮੀਂਹ ਪਿਆ, ਜਿੱਥੇ 51.6 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਨਵਾਂ ਸ਼ਹਿਰ ਵਿੱਚ 45.9 ਐੱਮਐੱਮ, ਪਟਿਆਲਾ ਵਿੱਚ 16 ਐੱਮਐੱਮ, ਪਠਾਨਕੋਟ ਵਿੱਚ 26 ਐੱਮਐੱਮ, ਫ਼ਰੀਦਕੋਟ ਵਿੱਚ 30.2 ਐੱਮਐੱਮ, ਗੁਰਦਾਸਪੁਰ ਵਿੱਚ 26.8 ਐੱਮਐੱਮ, ਫ਼ਾਜ਼ਿਲਕਾ ਵਿੱਚ 12.5 ਐੱਮਐੱਮ, ਫ਼ਿਰੋਜ਼ਪੁਰ ਵਿੱਚ 10 ਐੱਮਐੱਮ ਤੇ ਰੋਪੜ ਵਿੱਚ 2.5 ਐੱਮਐੱਮ ਮੀਂਹ ਪਿਆ। ਕਈ ਥਾਵਾਂ ’ਤੇ ਕਿਣਮਿਣ ਰਹੀ। ਮੀਂਹ ਮਗਰੋਂ ਅੰਮ੍ਰਿਤਸਰ ਵਿੱਚ ਤਾਪਮਾਨ 8 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 29.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬ ’ਚ ਬਿਜਲੀ ਦੀ ਮੰਗ ਘਟੀ
ਮੀਂਹ ਨਾਲ ਤਾਪਮਾਨ ਵਿੱਚ ਗਿਰਾਵਟ ਆਉਣ ਕਾਰਨ ਬਿਜਲੀ ਦੀ ਮੰਗ ਵੀ ਘੱਟ ਗਈ ਹੈ। ਅੱਜ ਸੂਬੇ ਵਿੱਚ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਦੇ ਕਰੀਬ ਦਰਜ ਕੀਤੀ ਗਈ ਹੈ, ਜੋ ਕਿ ਪਿਛਲੇ ਦਿਨਾਂ ਵਿੱਚ ਇਸ ਤੋਂ ਵੱਧ ਸੀ।