ਹਾਰਟ ਫਾਊਂਡੇਸ਼ਨ ਨੇ ਹੜ੍ਹ ਪੀੜਤਾਂ ਨੂੰ 20 ਲੱਖ ਦੀਆਂ ਦਵਾਈਆਂ ਤੇ ਰਾਹਤ ਸਮੱਗਰੀ ਵੰਡੀ
ਪੰਜਾਬ ਵਿੱਚ ਆਏ ਹੜ੍ਹਾਂ ਤੋਂ ਬਾਅਦ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਦਿਲ ਦੇ ਰੋਗਾਂ ਦੇ ਵਿਸ਼ਵ ਪ੍ਰਸਿੱਧ ਮਾਹਿਰ ਅਤੇ ਦਿ ਹਾਰਟ ਫਾਊਂਡੇਸ਼ਨ ਦੇ ਚੇਅਰਮੈਨ ਡਾ. ਐੱਚ.ਕੇ ਬਾਲੀ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਬਲਾਕ ਬਮਿਆਲ ਦੇ ਪਿੰਡ ਢੀਂਡਾ ਵਿੱਚ ਲੋਕਾਂ ਨੂੰ ਲੋੜੀਂਦੀਆਂ ਦਵਾਈਆਂ ਅਤੇ ਰਾਹਤ ਸਮੱਗਰੀ ਵੰਡੀ ਗਈ।
ਇਹ ਸਹਾਇਤਾ ਸਮੱਗਰੀ ਡਾ. ਬਾਲੀ ਨੇ ਆਪਣੇ ਦੋਸਤ ਮਰਹੂਮ ਡਾ. ਮਨਦੀਪ ਸਿੰਘ ਦੀ ਯਾਦ ਵਿੱਚ ਵੰਡਾਈ। ਇਸ ਮੌਕੇ ਡਾ. ਮਨਦੀਪ ਸਿੰਘ ਦੀ ਪਤਨੀ ਡਾ. ਸੁਰਿੰਦਰ ਕੌਰ, ਧੀ ਡਾ. ਹਰਿਪ੍ਰੀਆ ਦੇ ਨਾਲ ਉਨ੍ਹਾਂ ਦੇ ਦੋਸਤ ਸ਼ਾਲਿੰਦਰ ਏਮਾ ਅਤੇ ਸੇਵਾਮੁਕਤ ਕਰਨਲ ਰਾਜੇਸ਼ ਸ਼ਰਮਾ ਵੀ ਹਾਜ਼ਰ ਸਨ।
ਵੰਡੀ ਗਈ ਰਾਹਤ ਸਮੱਗਰੀ ਵਿੱਚ 100 ਬਰਸਾਤੀਆਂ, 100 ਮੱਛਰਦਾਨੀਆਂ, 300 ਚਾਦਰਾਂ, 300 ਕੰਬਲ, 50 ਗਮ-ਬੂਟ, 60 ਟਾਰਚਾਂ, ਬੱਚਿਆਂ ਲਈ ਦੁੱਧ ਦੇ ਡੱਬੇ, ਛੋਟੇ ਬੱਚਿਆਂ ਲਈ ਸੀਰੀਅਲ ਦੇ ਪੈਕੇਟ, ਮਹਿਲਾਵਾਂ ਵਾਸਤੇ ਸੈਨਿਟਰੀ ਪੈਡ ਅਤੇ ਤਰਪਾਲਾਂ ਸ਼ਾਮਲ ਸਨ।
ਬਾਅਦ ਵਿੱਚ ਡਾ. ਬਾਲੀ ਵੱਲੋਂ 20 ਲੱਖ ਰੁਪਏ ਦੀਆਂ ਦਵਾਈਆਂ ਸੰਸਕ੍ਰਿਤੀ ਮੰਦਰ ਟਰੱਸਟ, ਪਠਾਨਕੋਟ ਦੇ ਪ੍ਰਧਾਨ ਚੰਦਰ ਪ੍ਰਕਾਸ਼ ਜੰਡਿਆਲ ਨੂੰ ਦਿੱਤੀਆਂ ਗਈਆਂ, ਜੋ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਸੇਵਾ ਭਾਰਤੀ ਨਾਲ ਮਿਲ ਕੇ ਪ੍ਰਭਾਵਿਤ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾ ਕੇ ਲੋੜਵੰਦਾਂ ਨੂੰ ਦਿੱਤੀਆਂ ਜਾਣਗੀਆਂ।
ਰਾਸ਼ਟਰੀ ਸਵੈ ਸੇਵਕ ਸੰਘ ਪੰਜਾਬ ਦੇ ਪ੍ਰਮੁੱਖ ਆਗੂ ਅੰਮ੍ਰਿਤ ਸਾਗਰ, ਸੇਵਾ ਭਾਰਤੀ ਦੇ ਵਿਭਾਗ ਮੰਤਰੀ ਮਨੋਹਰ ਲਾਲ ਮਹਿਤਾ ਤੇ ਪਠਾਨਕੋਟ ਦੇ ਪ੍ਰਧਾਨ ਜਗਦੀਸ਼ ਸ਼ਰਮਾ ਅਤੇ ਜੋਸ਼ੀ ਫਾਊਂਡੇਸ਼ਨ ਦੇ ਚੇਅਰਮੈਨ ਵਿਨੀਤ ਜੋਸ਼ੀ ਵੀ ਹਾਜ਼ਰ ਸਨ।