ਸਿਹਤ ਮੰਤਰੀ ਦੀ ਕੋਠੀ ਨੇੜੇ ਟੈਂਕੀ ’ਤੇ ਚੜ੍ਹੇ ਸਿਹਤ ਕਾਮੇ
ਆਤਮਦਾਹ ਦੀ ਚਿਤਾਵਨੀ; ਮੰਤਰੀ ਨਾਲ ਮੀਟਿੰਗ ਮੁਕੱਰਰ ਹੋਣ ਮਗਰੋਂ ਵੀ ਨਾ ੳੁਤਰੇ
ਇਥੇ ਅੱਜ ਨੌਕਰੀ ਲਈ ਉਮਰ ਹੱਦ ’ਚ ਛੋਟ ਦੀ ਮੰਗ ਲਈ ‘ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ’ ਦੇ ਆਗੂ ਮੱਖਣ ਸਿੰਘ ਚੀਮਾ ਮੰਡੀ ਅਤੇ ਹੀਰਾ ਲਾਲ ਅੰਮ੍ਰਿਤਸਰ ਪੈਟਰੋਲ ਦੀਆਂ ਬੋਤਲਾਂ ਸਣੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਇਹ ਟੈਂਕੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਕੋਠੀ ਦੇ ਕੋਲ਼ ਹੈ। ਇਸ ਬਾਰੇ ਪਤਾ ਲੱਗਦਿਆਂ ਹੀ ਪੁਲੀਸ ਤਾਇਨਾਤ ਕਰ ਦਿੱਤੀ ਗਈ ਅਤੇ ਐਂਬੂਲੈਂਸ ਸਣੇ ਫਾਇਰ ਬ੍ਰਿ੍ਗੇਡ ਆਦਿ ਦੇ ਵੀ ਪ੍ਰ੍ਰਬੰਧ ਕੀਤੇ ਗਏ। ਇਸ ਦੌਰਾਨ ਭਾਵੇਂ ਯੂਨੀਅਨ ਦੀ ਸਿਹਤ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ ਗਈ ਪਰ ਉਹ ਦੇਰ ਰਾਤ ਤੱਕ ਵੀ ਟੈਂਕੀ ਤੋਂ ਹੇਠਾਂ ਨਾ ਉੱਤਰੇ। ਉਨ੍ਹਾਂ ਦੇ ਬਾਕੀ ਸਾਥੀਆਂ ਨੇ ਨਜ਼ਦੀਕ ਹੀ ਆਮ ਆਦਮੀ ਕਲੀਨਿਕ ਵਿੱਚ ਡੇਰੇ ਲਾ ਲਏ ਹਨ। ਦੋਵਾਂ ਆਗੂਆਂ ਨੇ ਮੰਗ ਮੰਨਣ ਦਾ ਐਲਾਨ ਨਾ ਕਰਨ ’ਤੇ ਪਹਿਲਾਂ ਬਾਅਦ ਦੁਪਹਿਰ ਦੋ ਵਜੇ ਅਤੇ ਫਿਰ ਰਾਤ ਸੱਤ ਵਜੇ ਆਤਮਦਾਹ ਦੀ ਚਿਤਾਵਨੀ ਦਿੱਤੀ। ਇਸ ’ਤੇ ਅਧਿਕਾਰੀਆਂ ਨੇ ਪ੍ਰਧਾਨ ਸੁਖਵਿੰਦਰ ਢਿੱਲਵਾਂ ਅਤੇ ਸਿਹਤ ਮੰਤਰੀ ਦਰਮਿਆਨ 21 ਨਵੰਬਰ ਨੂੰ ਸਵੇਰੇ 11 ਵਜੇ ਲਈ ਮੀਟਿੰਗ ਮੁਕੱਰਰ ਕਰਵਾ ਦਿੱਤੀ ਪਰ ਦੋਵੇਂ ਆਗੂਆਂ ਨੇ ਕਿਹਾ ਕਿ ਉਹ ਮੰਗ ਮੰਨਣ ਮਗਰੋਂ ਹੀ ਟੈਂਕੀ ਤੋਂ ਹੇਠਾਂ ਉਤਰਨਗੇ।
ਇਸੇ ਦੌਰਾਨ ਰਾਤੀ ਅੱਠ ਵਜੇ ਟੈਂਕੀ ਦੇ ਹੇਠ ਖੜ੍ਹੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸੁਖਵਿੰਦਰ ਢਿੱਲਵਾਂ ਨੇ ਦੱਸਿਆ ਕਿ ਦੋ ਹਜ਼ਾਰ ਨੌਜਵਾਨਾਂ ਨੇ ਮਲਟੀਪਰਪਜ਼ ਹੈਲਥ ਵਰਕਰਾਂ ਵਜੋਂ ਕੋਰਸ ਕੀਤਾ ਹੋਇਆ ਹੈ। ਹੁਣ 270 ਪੋਸਟਾਂ ਨਿਕਲ਼ੀਆਂ ਹਨ ਪਰ 1650 ਜਣੇ ਉਮਰ ਹੱਦ ਪਾਰ ਕਰ ਚੁੱਕੇ ਹਨ। ਉਮਰ ਹੱਦ ’ਚ ਛੋਟ ਦੇ ਕੇ ਸਾਰਿਆਂ ਨੂੰ ਲਿਖਤੀ ਟੈਸਟ ਦੇਣ ਦੀ ਪ੍ਰ੍ਰਵਾਨਗੀ ਦਿੱਤੀ ਜਾਵੇ ਤੇ ਟੈਸਟ ਪਾਸ ਕਰਨ ਵਾਲ਼ਿਆਂ ਵਿੱਚੋਂ 270 ਨੂੰ ਭਰਤੀ ਕੀਤਾ ਜਾਵੇ। ਇਹ ਫ਼ਰਿਆਦ ਨਾ ਮੰਨੀ ਗਈ ਤਾਂ ਗੰਭੀਰ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਵਾਰ ਉਮਰ ਹੱਦ ’ਚ ਛੋਟ ਦੇ ਵਾਅਦੇ ਕੀਤੇ ਸਨ। ਇਸ ਕਰ ਕੇ ਉਨ੍ਹਾਂ ਨੇ ‘ਆਪ’ ਦੇ ਹੱਕ ’ਚ ਵੋਟਾਂ ਪਾਈਆਂ ਅਤੇ ਪੁਆਈਆਂ ਪਰ ਹੁਣ ਸ੍ਰੀ ਮਾਨ ਇਸ ਤੋਂ ਮੁਨਕਰ ਹੋ ਗਏ ਹਨ।

