ਛੱਤ ’ਤੇ ਧਰਨਾ ਦੇ ਰਹੀ ਅਧਿਆਪਕਾ ਦੀ ਸਿਹਤ ਵਿਗੜੀ
ਮੰਗਾਂ ਖਾਤਰ ਪੈਟਰੋਲ ਦੀਆਂ ਬੋਤਲਾਂ ਨਾਲ ਚਾਰ ਦਿਨਾਂ ਤੋਂ ਸਕੂਲ ਦੀ ਛੱਤ ’ਤੇ ਬੈਠੇ ਨੇ ਅਧਿਆਪਕ
ਆਦਰਸ਼ ਸਕੂਲ ਦੇ ਅਧਿਆਪਕਾਂ ਵੱਲੋਂ ਸਕੂਲ ਦੀ ਛੱਤ ’ਤੇ ਪਿਛਲੇ ਕਈ ਦਿਨਾਂ ਤੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਅੱਜ ਅਧਿਆਪਕਾ ਰਮਨਦੀਪ ਕੌਰ ਦੀ ਸਿਹਤ ਵਿਗੜ ਗਈ। ਇਸ ’ਤੇ ਪ੍ਰਸ਼ਾਸਨ ਵੱਲੋਂ ਉਸ ਨੂੰ ਰਾਮਪੁਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਅਧਿਆਪਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾ ਨਾ ਮੰਨੇ ਜਾਣ ’ਤੇ ਪਹਿਲੀ ਅਕਤੂਬਰ ਤੋਂ 70 ਦੇ ਕਰੀਬ ਅਧਿਆਪਕਾਂ ਵੱਲੋਂ ਸਕੂਲ ਵਿੱਚ ਧਰਨਾ ਸ਼ੁਰੂ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ 10 ਅਧਿਆਪਕ ਸਕੂਲ ਦੀ ਛੱਤ ’ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਇਨਸਾਫ਼ ਦੀ ਮੰਗ ਕਰ ਰਹੇ ਹਨ। ਅੱਜ ਹੁੰਮਸ ਭਰੀ ਗਰਮੀ ਤੇ ਨੌਕਰੀ ਤੋਂ ਹਟਾਏ ਜਾਣ ਦੇ ਡਰ ਕਾਰਨ ਰਮਨਦੀਪ ਕੌਰ ਦੀ ਹਾਲਤ ਖ਼ਰਾਬ ਹੋ ਗਈ। ਇਸ ਦੌਰਾਨ ਉਨ੍ਹਾਂ ਦੇ ਸਾਥੀਆਂ ਨੇ ਪ੍ਰਸ਼ਾਸਨ ’ਤੇ ਦੋਸ਼ ਲਗਾਏ ਕਿ ਹਸਪਤਾਲ ਵਿੱਚ ਉਨ੍ਹਾਂ ਦੀ ਸਹੀ ਦੇਖਭਾਲ ਨਹੀਂ ਹੋ ਰਹੀ।
ਅਧਿਆਪਕ ਪਵਨਦੀਪ ਕੌਰ ਨੇ ਦੱਸਿਆ ਕਿ ਸਕੂਲ ਵਿੱਚ ਉਨ੍ਹਾਂ ਦੀ ਸੀਨੀਆਰਤਾ ਨੂੰ ਖ਼ਤਮ ਕਰ ਕੇ ਨਵੇਂ ਭਰਤੀ ਕੀਤੇ ਗਏ ਅਧਿਆਪਕਾਂ ਨੂੰ ਅੱਗੇ ਕਰ ਦਿੱਤਾ ਗਿਆ ਹੈ। ਇਸ ਲਈ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਨੂੰ ਸਕੂਲ ਵਿੱਚੋਂ ਕੱਢ ਹੀ ਨਾ ਦਿੱਤਾ ਜਾਵੇ। ਅੱਜ ਬੀਕੇਯੂ ਉਗਰਾਹਾਂ ਦੇ ਸੀਨੀਅਰ ਆਗੂ ਝੰਡਾ ਸਿੰਘ ਜੇਠੂਕੇ ਅਤੇ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਜੇ ਅਧਿਆਪਕਾਂ ਦੀਆਂ ਮੰਗਾ ਨਾ ਮੰਨੀਆਂ ਗਈਆਂ ਤਾਂ ਇਨ੍ਹਾਂ ਦੀ ਹਮਾਇਤ ਵਿੱਚ ਸੂਬਾ ਪੱਧਰੀ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਅਤੇ ਡੀ.ਟੀ.ਐਫ ਨੇ ਵੀ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ। ਖ਼ਬਰ ਲਿਖੇ ਜਾਣ ਤੱਕ ਡੀ ਐੱਸ ਪੀ ਪ੍ਰਦੀਪ ਸਿੰਘ, ਨਾਇਬ ਤਹਿਸੀਲਦਾਰ ਅਭਿਸ਼ੇਕ ਵਰਮਾ ਅਤੇ ਅਧਿਆਪਕ ਆਗੂਆਂ ਵਿਚਾਲੇ ਗੱਲਬਾਤ ਜਾਰੀ ਸੀ।