DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਰਭਵਤੀ ਔਰਤ ਦੇ ਜਣੇਪੇ ’ਚ ਕੋਤਾਹੀ ਲਈ ਸਿਹਤ ਮੰਤਰੀ ਵੱਲੋਂ ਡਾਕਟਰ ਦੀ ਮੁਅੱਤਲੀ ਦੇ ਹੁਕਮ

ਬੀਤੇ ਸੋਮਵਾਰ ਨੂੰ ਵਾਪਰੀ ਸੀ ਘਟਨਾ, ਜਿਸ ’ਚ ਅੌਰਤ ਦੀ ਨਵਜੰਮੀ ਬੱਚੀ ਦੀ ਚਲੀ ਗੲੀ ਸੀ ਜਾਨ
  • fb
  • twitter
  • whatsapp
  • whatsapp
featured-img featured-img
ਖੰਨਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਹਤ ਮੰਤਰੀ ਡਾ. ਬਲਵੀਰ ਸਿੰਘ
Advertisement

ਇੱਥੋਂ ਦੇ ਸਿਵਲ ਹਸਪਤਾਲ ਵਿਖੇ ਬੀਤੇ ਸੋਮਵਾਰ ਨੂੰ ਇਕ ਔਰਤ ਦੇ ਜਣੇਪੇ ਦੇ ਮਾਮਲੇ ਵਿਚ ਗਾਇਨੀ ਦੀ ਡਾਕਟਰ ਵੱਲੋਂ ਕੀਤੀ ਕਥਿਤ ਕੋਤਾਹੀ ਦਾ ਸਖ਼ਤ ਨੋਟਿਸ ਲੈਂਦਿਆਂ ਅੱਜ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਡਾ. ਕਵਿਤਾ ਸ਼ਰਮਾ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਅਣਗਹਿਲੀ ਕਾਰਨ ਸਬੰਧਤ ਡਾਕਟਰ ਦਾ ਲਾਇਸੈਂਸ ਰੱਦ ਕਰਨ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ।

ਗ਼ੌਰਤਲਬ ਹੈ ਕਿ ਬੀਤੇ ਸੋਮਵਾਰ ਸਿਵਲ ਹਸਪਤਾਲ ਖੰਨਾ ਵਿੱਚ ਇੱਕ ਗਰਭਵਤੀ ਔਰਤ ਦੀ ਡਿਲੀਵਰੀ ਦੌਰਾਨ ਗਾਇਨੀ ਡਾਕਟਰ ਗੈਰ-ਹਾਜ਼ਰ ਸੀ। ਡਿਊਟੀ 'ਤੇ ਹਾਜ਼ਰ ਮੈਡੀਕਲ ਅਫ਼ਸਰ ਵੱਲੋਂ ਮਹਿਲਾ ਡਾਕਟਰ ਨੂੰ ਆਏ ਕੇਸ ਬਾਰੇ ਜਾਣਕਾਰੀ ਦਿੱਤੀ ਗਈ ਪਰ ਮਰੀਜ਼ ਦੀ ਨਾਜ਼ੁਕ ਹਾਲਤ ਬਾਰੇ ਸੁਣ ਕੇ ਵੀ ਉਨ੍ਹਾਂ ਹਸਪਤਾਲ ਪਹੁੰਚਣਾ ਜ਼ਰੂਰੀ ਨਹੀਂ ਸਮਝਿਆ। ਅਖ਼ੀਰ ਐਸਐਮਓ ਡਾ. ਮਨਿੰਦਰ ਸਿੰਘ ਭਸੀਨ ਨੇ ਉਸ ਗਰਭਵਤੀ ਔਰਤ ਦੀ ਜਾਨ ਬਚਾਉਣ ਲਈ ਖੁਦ ਉਸ ਦਾ ਸਿਜ਼ੇਰੀਅਨ ਆਪਰੇਸ਼ਨ ਕੀਤਾ। ਇਸ ਦੇ ਬਾਵਜੂਦ ਔਰਤ ਦੀ ਨਵਜੰਮੀ ਬੱਚੀ ਦੀ ਬਾਅਦ ਵਿਚ ਮੌਤ ਹੋ ਗਈ।

Advertisement

ਡਾ. ਕਵਿਤਾ ਸ਼ਰਮਾ

ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਇੱਕ ਗਰਭਵਤੀ ਔਰਤ ਦੀ ਡਿਲੀਵਰੀ ਦਾ ਮਾਮਲਾ ਜਦੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਫੌਰੀ ਤੌਰ 'ਤੇ ਕਾਰਵਾਈ ਕਰਦਿਆਂ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਜਿਸ ਵਿੱਚ ਇੱਕ ਐਸਐਮਓ ਅਤੇ ਦੋ ਗਾਇਨੀ ਡਾਕਟਰ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ ਕੀਤੀ ਘੋਖ-ਪੜਤਾਲ ਤੋਂ ਪਤਾ ਲੱਗਿਆ ਹੈ ਕਿ ਗਾਇਨੀ ਦੀ ਮਹਿਲਾ ਡਾਕਟਰ ਕਵਿਤਾ ਸ਼ਰਮਾ ਵੱਲੋਂ ਗਰਭਵਤੀ ਔਰਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ।

ਉਨ੍ਹਾਂ ਕਿਹਾ ਕਿ ਇਸ ਡਾਕਟਰ ਦੀਆਂ ਪਹਿਲਾਂ ਵੀ ਸ਼ਿਕਾਇਤਾਂ ਆ ਰਹੀਆਂ ਸਨ ਜਿਸਦੇ ਤਹਿਤ ਸਿਵਲ ਸਰਜਨ ਲੁਧਿਆਣਾ ਅਤੇ ਐਸਐਮਓ ਖੰਨਾ ਨੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਉਨ੍ਹਾਂ ਸਿਹਤ ਅਮਲੇ ਨੂੰ ਸਖ਼ਤ ਲਹਿਜੇ ਵਿੱਚ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਨਿਭਾਉਣ, ਨਹੀਂ ਤਾਂ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵਿੱਚ 98 ਫੀਸਦ ਅਜਿਹੇ ਡਾਕਟਰ ਹਨ ਜਿਨ੍ਹਾਂ ਕੋਵਿਡ ਦੇ ਮਾੜੇ ਦੌਰ ਵਿੱਚ ਆਪਣੀ ਜਾਨ ਜੋਖਮ ਵਿੱਚ ਪਾ ਲੱਖਾਂ ਲੋਕਾਂ ਦੀ ਜਾਨ ਬਚਾਈ ਸੀ। ਉਹਨਾਂ ਦੋਰਾਹਾ ਅਤੇ ਪਾਇਲ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਬਾਰੇ ਜਵਾਬ ਦਿੰਦਿਆਂ ਕਿਹਾ ਕਿ ਪਿਛਲੀ ਰਿਪੋਰਟ ਅਨੁਸਾਰ 25 ਤੋਂ 30 ਫ਼ੀਸਦੀ ਡਾਕਟਰਾਂ ਨਾਲ ਕੰਮ ਚਲਾਇਆ ਜਾਂਦਾ ਸੀ, ਪਰ ਹੁਣ ਕਰੀਬ 3 ਹਜ਼ਾਰ ਸਿਹਤ ਕਾਮਿਆਂ ਦੀ ਭਰਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵਿੱਚ ਕਰੀਬ 1 ਹਜ਼ਾਰ ਹੋਰ ਨਵੇਂ ਡਾਕਟਰਾਂ ਦੀ ਭਰਤੀ ਵੀ ਕੀਤੀ ਜਾ ਰਹੀ ਹੈ।

Advertisement
×