ਹਵਾਰਾ ਦੀ ਮਾਂ ਦੀ ਰਾਜਿੰਦਰਾ ਹਸਪਤਾਲ ’ਚ ਜਾਂਚ
ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ’ਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਦੀ ਮਾਤਾ ਨਰਿੰਦਰ ਕੌਰ ਨੂੰ ਮੈਡੀਕਲ ਜਾਂਚ ਲਈ ਇੱਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਲਿਆਂਦਾ ਗਿਆ। ਇਸ ਦੌਰਾਨ ਡਾਕਟਰਾਂ ਨੇ ਕੁਝ ਟੈਸਟ...
ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ’ਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਦੀ ਮਾਤਾ ਨਰਿੰਦਰ ਕੌਰ ਨੂੰ ਮੈਡੀਕਲ ਜਾਂਚ ਲਈ ਇੱਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਲਿਆਂਦਾ ਗਿਆ। ਇਸ ਦੌਰਾਨ ਡਾਕਟਰਾਂ ਨੇ ਕੁਝ ਟੈਸਟ ਆਦਿ ਕਰਵਾ ਕੇ ਅਗਲੇ ਦਿਨੀਂ ਮੁੜ ਤੋਂ ਚੈਕਅੱਪ ਕਰਵਾਉਣ ਲਈ ਆਖਿਆ। ਉਹ ਨੀਮ ਬੇਹੋਸ਼ੀ ਦੀ ਹਾਲਤ ’ਚ ਹਨ ਤੇ ਆਪਣੇ ਪੁੱਤ ਨੂੰ ਮਿਲਣ ਦੀ ਚਾਹਤ ਤਹਿਤ ਹੀ ਚਾਰ ਸਾਲ ਮਗਰੋਂ ਅਮਰੀਕਾ ਤੋਂ ਪਰਤੇ ਹਨ। ਉਧਰ, ਮਾਂ ਨੂੰ ਮਿਲਣ ਲਈ ਹਵਾਰਾ ਨੂੰ ਪੈਰੋਲ ਦੇਣ ਸਬੰਧੀ ਮੰਗ ਵੀ ਸੰਗਤ ਵਿੱਚ ਜ਼ੋਰ ਫੜਦੀ ਜਾ ਰਹੀ ਹੈ।
ਮਾਤਾ ਨਰਿੰਦਰ ਕੌਰ ਨੂੰ ਹਸਪਤਾਲ ਲਿਆਉਣ ਮੌਕੇ ਜਥੇਦਾਰ ਬਲਬੀਰ ਸਿੰਘ ਬੈਰੋਂਪੁਰ, ਸ਼ਰਨਜੀਤ ਸਿੰਘ ਜੋਗੀਪੁਰ, ਸੁਖਜਿੰਦਰ ਸਿੰਘ ਸੈਫਦੀਪੁਰ, ਜੀਤ ਸਿੰਘ, ਡਾ. ਅਨਿਲ ਥੇੜ੍ਹੀ ਮੌਜੂਦ ਸਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਆਪਣੀ ਮਾਤਾ ਨੂੰ ਮਿਲਣ ਲਈ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਬਅੰਤ ਸਿੰਘ ਹੱਤਿਆ ਕਾਂਡ 31 ਅਗਸਤ 1995 ਨੂੰ ਵਾਪਰਿਆ ਸੀ ਤੇ ਹਵਾਰਾ ਤੀਹ ਸਾਲਾਂ ਤੋਂ ਜੇਲ੍ਹ ’ਚ ਬੰਦ ਹੈ। ਇਸ ਕੇਸ ’ਚ ਉਸ ਨੂੰ ਫਾਂਸੀ ਦੀ ਸਜ਼ਾ ਹੋਈ ਸੀ, ਪਰ ਉਪਰਲੀ ਅਦਾਲਤ ’ਚ ਚੁਣੌਤੀ ਦੇਣ ’ਤੇ ਫਾਂਸੀ ਦੀ ਸਜ਼ਾ ਤਾਂ ਭਾਵੇਂ ਟੁੱਟ ਗਈ ਸੀ, ਪਰ ਉਸ ਨੂੰ ਤਾਉਮਰ (ਉਮਰ ਭਰ) ਜੇਲ੍ਹ ’ਚ ਰੱਖਣ ਦੀ ਸਜ਼ਾ ਸੁਣਾਈ ਗਈ ਸੀ। ਪਹਿਲਾਂ ਉਹ ਬੁੜੈਲ ਜੇਲ੍ਹ ਚੰਡੀਗੜ੍ਹ ਵਿੱਚ ਹੀ ਸੀ, ਪਰ 2004 ਵਿੱਚ ਪਰਮਜੀਤ ਸਿੰਘ ਭਿਓਰਾ ਤੇ ਜਗਤਾਰ ਸਿੰਘ ਤਾਰਾ ਦੇ ਨਾਲ ਸੁਰੰਗ ਪੁੱਟ ਕੇ ਜੇਲ੍ਹ ਤੋਂ ਫ਼ਰਾਰ ਹੋਣ ’ਤੇ ਮੁੜ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਹਵਾਰਾ ਨੂੰ ਤਿਹਾੜ ਜੇਲ੍ਹ ’ਚ ਰੱਖਿਆ ਹੋਇਆ ਹੈ।