ਹਰਿਆਣਾ ਪੁਲੀਸ ਨੇ ਤੀਜੇ ਜਥੇ ਦਾ ਵੀ ਰਾਹ ਡੱਕਿਆ
ਸਰਬਜੀਤ ਸਿੰਘ ਭੰਗੂ
ਸ਼ੰਭੂ ਬਾਰਡਰ (ਪਟਿਆਲਾ), 14 ਦਸੰਬਰ
ਦਿੱਲੀ ਲਈ ਰਵਾਨਾ ਹੋਏ 101 ਮਰਜੀਵੜੇ ਕਿਸਾਨਾਂ ਦੇ ਤੀਜੇ ਜਥੇ ਨੂੰ ਵੀ ਪਹਿਲਾਂ ਤੋਂ ਤਿਆਰ ਬਰ ਤਿਆਰ ਖੜ੍ਹੀ ਹਰਿਆਣਾ ਪੁਲੀਸ ਨੇ ਸ਼ੰਭੂ ਬਾਰਡਰ ਨਾ ਟੱਪਣ ਦਿੱਤਾ। ਪੁਲੀਸ ਨੇ ਜਥੇ ਵਿਚ ਸ਼ਾਮਲ ਕਿਸਾਨਾਂ ਦਾ ਰਾਹ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਤੇ ਰਬੜ ਦੀਆਂ ਗੋਲੀਆਂ ਦੇ ਨਾਲ ਅੱਥਰੂ ਗੈਸ ਦੇ ਗੋਲੇ ਵੀ ਵਰ੍ਹਾਏ, ਜਿਸ ਵਿਚ 20 ਕਿਸਾਨ ਜ਼ਖ਼ਮੀ ਹੋ ਗਏ, ਜਿਸ ਮਗਰੋਂ ਜਥਾ ਕੈਂਪ ’ਚ ਪਰਤ ਆਇਆ। ਕਿਸਾਨਾਂ ਵੱਲੋਂ ਹੁਣ ਜਥਿਆਂ ਸਬੰਧੀ ਅਗਲੀ ਰਣਨੀਤੀ ਦਾ ਐਲਾਨ 15 ਦਸੰਬਰ ਨੂੰ ਕੀਤਾ ਜਾਵੇਗਾ। ਇਸ ਦੌਰਾਨ ਸ਼ੰਭੂ ਬਾਰਡਰ ’ਤੇ ਇੱਕ ਕਿਸਾਨ ਨੇ ਕਥਿਤ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਜੋਧ ਸਿੰਘ ਨਾਮ ਦਾ ਇਹ ਕਿਸਾਨ ਦੇਰ ਸ਼ਾਮ ਤੱਕ ਜ਼ੇਰੇ ਇਲਾਜ ਸੀ। ਇਹ ਕਿਸਾਨ ਮੋਦੀ ਸਰਕਾਰ ਦੇ ਅੜੀਅਲ ਵਤੀਰੇ ਤੋਂ ਖ਼ਫ਼ਾ ਦੱਸਿਆ ਜਾਂਦਾ ਹੈ। ਉਧਰ ਕਿਸਾਨ ਆਗੂਆਂ ਨੇ 16 ਦਸੰਬਰ ਨੂੰ ਪੰਜਾਬ ਤੋਂ ਬਿਨਾਂ ਬਾਕੀ ਸੂੁਬਿਆਂ ’ਚ ਟਰੈਕਟਰ ਮਾਰਚ ਤੇ 18 ਦਸੰਬਰ ਨੂੰ ਪੰਜਾਬ ਭਰ ’ਚ ਤਿੰਨ ਘੰਟੇ ਰੇਲਾਂ ਦਾ ਚੱਕਾ ਜਾਮ ਕਰਨ ਦਾ ਹੋਕਾ ਦਿੱਤਾ ਹੈ, ਪਰ ਜਥਿਆਂ ਸਬੰਧੀ ਅਗਲੀ ਰਣਨੀਤੀ ਦਾ ਐਲਾਨ ਭਲਕੇ ਐਤਵਾਰ ਨੂੰ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠਾਂ ਵਿਉਂਤੇ ਪ੍ਰੋਗਰਾਮ ਤਹਿਤ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ਼ ਤੇ ਮਲਕੀਤ ਸਿੰਘ ਗਲਾਮੀਵਾਲ਼ਾ ਦੀ ਅਗਵਾਈ ਹੇਠਲੇ 101 ਕਿਸਾਨਾਂ ਦੇ ਤੀਜੇ ਜਥੇ ਨੂੰ ਅੱਜ ਠੀਕ 12 ਵਜੇ ਸਰਵਣ ਸਿੰਘ ਪੰਧੇਰ ਨੇ ਰਵਾਨਾ ਕੀਤਾ। ਪਹਿਲੇ ਦੋ ਦਿਨਾਂ ਦੇ ਉਲਟ ਅੱਜ ਹਰਿਆਣਾ ਪੁਲੀਸ ਦੀ ਕਾਰਵਾਈ ਜਲਦੀ ਹੀ ਸ਼ੁਰੂ ਹੋ ਗਈ। ਹਰਿਆਣਾ ਪੁਲੀਸ ਵੱਲੋਂ ਜਲ ਤੋਪਾਂ ਨਾਲ ਕੀਤੀ ਬੁਛਾੜ ਤੇ ਅੱਥਰੂ ਗੈਸ ਦੇ ਗੋਲੇ ਵਰ੍ਹਾਉਣ ਕਰਕੇ 20 ਕਿਸਾਨ ਜ਼ਖ਼ਮੀ ਹੋ ਗਏ। ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਇਹ ਤੀਜਾ ਯਤਨ ਸੀ। ਇਸ ਤੋਂ ਪਹਿਲਾਂ 6 ਅਤੇ 8 ਦਸੰਬਰ ਨੂੰ ਵੀ ਇਸੇ ਤਰ੍ਹਾਂ ਕਿਸਾਨਾਂ ਦੇ ਜਥੇ ਅੱਗੇ ਵਧੇ ਸਨ, ਪਰ ਸਫਲਤਾ ਨਹੀਂ ਮਿਲੀ।
ਇਸ ਮਗਰੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਹਰਿਆਣਾ ਪ੍ਰਸ਼ਾਸਨ ਨੇ ਅੱਜ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ, ਰਬੜ ਦੀਆਂ ਗੋਲੀਆਂ ਤੇ ਮਿਰਚਾਂ ਦੀ ਸਪਰੇਅ ਤੋਂ ਇਲਾਵਾ ਕੋਲੋਂ ਹੀ ਲੰਘਦੇ ਘੱਗਰ ਦੇ ਗੰਦੇ ਅਤੇ ਰਸਾਇਣਾਂ ਵਾਲੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ। ਇਸ ਦੌਰਾਨ ਜ਼ਖ਼ਮੀ ਹੋਏ 20 ਕਿਸਾਨਾਂ ਵਿਚੋਂ ਸੁਖਦੇਵ ਰਾਮ ਭੁਟਾਲ ਦੇ ਅੱਖ ’ਤੇ ਵੀ ਸੱਟ ਵੱਜੀ। ਪੰਧੇਰ ਨੇ ਕਿਹਾ ਕਿ ਜਦੋਂ ਤੱਕ ਹਕੂਮਤ ਥੱਕ ਨਹੀਂ ਜਾਂਦੀ ਉਦੋਂ ਤੱਕ ਉਹ ਅੱਗੇ ਵਧਦੇ ਰਹਿਣਗੇ ਤਾਂ ਜੋ ਹਕੂਮਤ ਦਾ ਚਿਹਰਾ ਵੀ ਦੁਨੀਆਂ ਸਾਹਮਣੇ ਨੰਗਾ ਹੁੰਦਾ ਰਹੇ।
ਕਿਸਾਨ ਆਗੂ ਨੇ ਕਿਹਾ ਕਿ ਜਥਿਆਂ ਸਬੰਧੀ ਅਗਲੀ ਰਣਨੀਤੀ ਦਾ ਐਲਾਨ 15 ਦਸੰਬਰ ਨੂੰ ਕੀਤਾ ਜਾਵੇਗਾ। ਪਰ 18 ਦਸੰਬਰ ਨੂੰ ਪੰਜਾਬ ਭਰ ’ਚ ਤਿੰਨ ਘੰਟੇ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ 16 ਦਸੰਬਰ ਨੂੰ ਪੰਜਾਬ ਤੋਂ ਬਿਨਾਂ ਬਾਕੀ ਸੂੁਬਿਆਂ ’ਚ ਟਰੈਕਟਰ ਮਾਰਚ ਕੀਤੇ ਜਾਣਗੇ। ਇਸ ਮੌਕੇ ਬਲਵੰਤ ਬਹਿਰਾਮਕੇ, ਤੇਜਵੀਰ ਪੰਜੋਖਰਾ, ਮਨਜੀਤ ਰਾਏ, ਮਨਜੀਤ ਨਿਆਲ਼, ਗੁਰਵਿੰਦਰ ਭੰਗੂ, ਬਲਕਾਰ ਬੈਂਸ ਰਾਜਪੁਰਾ, ਗੁਰਧਿਆਨ ਸਿਓਣਾ, ਦਿਲਬਾਗ ਗਿੱਲ, ਗੁਰਮਨੀਤ ਮਾਂਗਟ ਸਮੇਤ ਕਈ ਹੋਰ ਕਿਸਾਨ ਆਗੂ ਮੌਜੂਦ ਸਨ।
ਕਿਸਾਨ ਥੋੜ੍ਹੇ ਸਮੇਂ ਲਈ ਅੰਦੋਲਨ ਰੋਕ ਦੇਣ: ਵਿੱਜ
ਅੰਬਾਲਾ(ਨਿੱਜੀ ਪੱਤਰ ਪ੍ਰੇਰਕ): ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਅੱਜ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਤੇ ਕਿਸਾਨਾਂ ਦਰਮਿਆਨ ਗੱਲਬਾਤ ਜਾਰੀ ਹੈ, ਲਿਹਾਜ਼ਾ ਕਿਸਾਨਾਂ ਨੂੰ ਥੋੜ੍ਹੇ ਸਮੇਂ ਲਈ ਆਪਣਾ ਅੰਦੋਲਨ ਰੋਕ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਾਣਯੋਗ ਸੁਪਰੀਮ ਕੋਰਟ ਦੀ ਰਾਏ ਮੰਨ ਲੈਣੀ ਚਾਹੀਦੀ ਹੈ। ਉਂਝ ਵਿੱਜ ਨੇ ਕਿਹਾ ਕਿ ਇਹ ਗੱਲਬਾਤ ਕਿਸ ਪੜਾਅ ਉੱਤੇ ਹੈ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਧਰ ਅੰਬਾਲਾ ਦੇ ਐੱਸਪੀ ਸੁਰਿੰਦਰ ਸਿੰਘ ਭੋਰੀਆ ਨੇ ਕਿਸਾਨ ਆਗੂਆਂ ਦੇ ਤਰਕਾਂ ਨੂੰ ਦਰਕਿਨਾਰ ਕਰਦਿਆਂ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਅਤੇ 24 ਜੁਲਾਈ ਦੇ ਬਾਰਡਰ ’ਤੇ ਸਥਿਤੀ ਜਿਉਂ ਦੀ ਤਿਉਂ ਕਾਇਮ ਰੱਖਣ ਦੇ ਆਦੇਸ਼ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਹਾਈ ਪਾਵਰ ਕਮੇਟੀ ਦੀ ਮੀਟਿੰਗ 3-4 ਦਿਨਾਂ ਵਿਚ ਹੋਵੇਗੀ। ਅਗਲੀ ਸੁਣਵਾਈ 18 ਤਰੀਕ ਰੱਖੀ ਗਈ ਹੈ। ਐੱਸਪੀ ਨੇ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਬੈਠਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਦਿੱਲੀ ਜਾਣ ਦੀ ਮਨਜ਼ੂਰੀ ਮਿਲੇਗੀ ਉਹ ਆਪ ਦਿੱਲੀ ਛੱਡ ਕੇ ਆਉਣਗੇ।
ਮੇਰੀ ਜਾਨ ਨਾਲੋਂ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਜਾਨ ਵੱਧ ਕੀਮਤੀ: ਡੱਲੇਵਾਲ
ਪਾਤੜਾਂ(ਗੁਰਨਾਮ ਸਿੰਘ ਚੌਹਾਨ): ਇਥੇ ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 19ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਜਾਨ ਨਾਲੋਂ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਜਾਨ ਜ਼ਿਆਦਾ ਕੀਮਤੀ ਸੀ। ਲੋਕਾਂ ਦੇ ਦਰਸ਼ਨਾਂ ਲਈ ਮੁੱਖ ਪੰਡਾਲ ਵਿਚ ਲਿਆਂਦੇ ਡੱਲੇਵਾਲ ਨੇ ਮੰਜੇ ’ਤੇ ਲੰਮੇ ਪਿਆਂ ਹੀ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਕਹਿੰਦੀ ਹੈ ਕਿ ਉਸ ਦੀ ਜਾਨ ਅੰਦੋਲਨ ਨਾਲੋਂ ਵੱਧ ਕੀਮਤੀ ਹੈ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਪਿਛਲੇ 25 ਸਾਲਾਂ ਵਿਚ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀਆਂ ਜਾਨਾਂ ਵੱਧ ਕੀਮਤੀ ਸਨ। ਡੱਲੇਵਾਲ ਨੇ ਕਿਹਾ ਕਿ ਉਹ ਕਿਸਾਨਾਂ ਦੇ ਹੱਕਾਂ ਲਈ ਸ਼ਹਾਦਤ ਦੇਣ ਵਾਸਤੇ ਤਿਆਰ ਹਨ। ਸੁਪਰੀਮ ਕੋਰਟ ਜੇ ਉਨ੍ਹਾਂ ਦੀ ਜ਼ਿੰਦਗੀ ਪ੍ਰਤੀ ਸੱਚਮੁੱਚ ਗੰਭੀਰ ਹੈ ਤਾਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਹੁਕਮ ਜਾਰੀ ਕਰੇ। ਉਨ੍ਹਾਂ ਕਿਹਾ ਕਿ ਜੇ ਕਿਸਾਨ ਮੋਰਚੇ ’ਚ ਕਿਸੇ ਕਿਸਾਨ ਦੇ ਖ਼ੂਨ ਦੀ ਇਕ ਬੂੰਦ ਵੀ ਵਹਾਈ ਜਾਂਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ ਦੀ ਹੋਵੇਗੀ। ਇਸ ਤੋਂ ਪਹਿਲਾਂ ਕਿਸਾਨ ਆਗੂ ਦੀ ਸਿਹਤ ਦਾ ਖਿਆਲ ਰੱਖ ਰਹੀ ਡਾਕਟਰਾਂ ਦੀ ਟੀਮ ਨੂੰ ਉਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਡੱਲੇਵਾਲ ਨੂੰ ਬਾਹਰ ਲੋਕਾਂ ਦੇ ਦਰਸ਼ਨਾਂ ਲਈ ਪੰਡਾਲ ਵਿੱਚ ਲਿਆਉਣ ਮੌਕੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ 78/48 ਤੱਕ ਪਹੁੰਚ ਗਿਆ।