ਹਰਿਆਣਾ ਸਰਕਾਰ ਨੇ ਕਿਸਾਨਾਂ ਲਈ 116 ਕਰੋੜ ਜਾਰੀ ਕੀਤੇ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਮੀਂਹ ਕਾਰਨ ਨੁਕਸਾਨੀ ਫ਼ਸਲ ਦੀ ਭਰਪਾਈ ਲਈ 53,821 ਕਿਸਾਨਾਂ ਨੂੰ 116 ਕਰੋੜ 15 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਹੈ। ਮੁੱਖ ਮੰਤਰੀ ਸ੍ਰੀ...
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਮੀਂਹ ਕਾਰਨ ਨੁਕਸਾਨੀ ਫ਼ਸਲ ਦੀ ਭਰਪਾਈ ਲਈ 53,821 ਕਿਸਾਨਾਂ ਨੂੰ 116 ਕਰੋੜ 15 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਹੈ। ਮੁੱਖ ਮੰਤਰੀ ਸ੍ਰੀ ਸੈਣੀ ਨੇ ਕਿਹਾ ਕਿ ਮੁਆਵਜ਼ਾ ਰਾਸ਼ੀ ਵਿੱਚ ਬਾਜਰੇ ਦੀ ਫ਼ਸਲ ਲਈ 35 ਕਰੋੜ 29 ਲੱਖ ਰੁਪਏ, ਕਪਾਹ ਲਈ 27 ਕਰੋੜ 43 ਲੱਖ ਰੁਪਏ, ਝੋਨੇ ਲਈ 22 ਕਰੋੜ 91 ਲੱਖ ਰੁਪਏ ਤੇ ਗੁਆਰ ਲਈ 14 ਕਰੋੜ 10 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਰਕਮ ਦਾ ਭੁਗਤਾਨ ਅੱਜ ਤੋਂ ਸ਼ੁਰੂ ਕਰ ਦਿੱਤਾ ਹੈ, ਜੋ ਹਫ਼ਤੇ ਵਿੱਚ ਲਾਜ਼ਮੀ ਤੌਰ ’ਤੇ ਕੀਤਾ ਜਾਵੇਗਾ। ਸੂਬੇ ਵਿੱਚ ਭਾਰੀ ਮੀਂਹ ਕਾਰਨ ਤਿੰਨ ਮੁੱਖ ਜ਼ਿਲ੍ਹਿਆਂ ਵਿੱਚ ਫਸਲੀ ਨੁਕਸਾਨ ਹੋ ਗਿਆ ਸੀ। ਇਸ ਵਿੱਚ ਚਰਖੀ ਦਾਦਰੀ ਦੇ ਕਿਸਾਨਾਂ ਨੂੰ ਸਭ ਤੋਂ ਵੱਧ 23 ਕਰੋੜ 55 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ। ਹਿਸਾਰ ਨੂੰ 17 ਕਰੋੜ 82 ਲੱਖ ਤੇ ਭਿਵਾਨੀ ਨੂੰ 12 ਕਰੋੜ 15 ਲੱਖ ਰੁਪਏ ਦੀ ਰਕਮ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੜ੍ਹਾਂ ਕਰ ਕੇ ਹੋਏ ਪਸ਼ੂਧਨ ਤੇ ਮਕਾਨਾਂ ਦੇ ਨੁਕਸਾਨ ਅਤੇ ਹੋਰ ਵਸਤੂਆਂ ਦੇ ਨੁਕਸਾਨ ਦੀ ਭਰਪਾਈ ਲਈ 4 ਕਰੋੜ 72 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਹੈ। ਹਰਿਆਣਾ ਵਿੱਚ ਪਏ ਭਾਰੀ ਮੀਂਹ ਕਰ ਕੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਦੇ ਹਾਲਾਤ ਬਣ ਗਏ ਸਨ, ਜਿਸ ਕਰ ਕੇ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੋ ਗਿਆ ਸੀ। ਸੂਬਾ ਸਰਕਾਰ ਨੇ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਲਈ 15 ਸਤੰਬਰ ਤੱਕ ਈ-ਸ਼ਤੀਪੂਰਤੀ ਪੋਰਟਲ ’ਤੇ ਕਿਸਾਨਾਂ ਦੀਆਂ ਅਰਜ਼ੀਆਂ ਦੀ ਮੰਗ ਕੀਤੀ ਸੀ।
ਭਾਜਪਾ ਨੇ 11 ਸਾਲਾਂ ’ਚ ਕਿਸਾਨਾਂ ਨੂੰ 15,448 ਕਰੋੜ ਰੁਪਏ ਦਿੱਤੇ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਸਰਕਾਰ ਨੇ ਆਪਣੇ 11 ਸਾਲਾਂ ਦੇ ਕਾਰਜਕਾਲ ਦੌਰਾਨ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਲਈ ਹੁਣ ਤੱਕ 15,448 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ। ਕਾਂਗਰਸ ’ਤੇ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਨੇ ਆਪਣੀ ਸਰਕਾਰ ਦੌਰਾਨ ਕਿਸਾਨਾਂ ਨਾਲ ਹਮੇਸ਼ਾ ਮਜ਼ਾਕ ਕੀਤਾ ਹੈ। ਕਾਂਗਰਸ ਨੇ ਕਿਸਾਨਾਂ ਨੂੂੰ ਮੁਆਵਜ਼ੇ ਦੇ ਨਾਂ ’ਤੇ 2-2 ਰੁਪਏ ਤੇ 5-5 ਰੁਪਏ ਦੇ ਚੈੱਕ ਦਿੱਤੇ ਸਨ। ਉਨ੍ਹਾਂ ਕਾਂਗਰਸ ’ਤੇ ਨਿਸ਼ਾਨੇ ਸੇਧ ਦਿਆਂ ਕਿਹਾ ਕਿ ਕਾਂਗਰਸ ਨੇ 10 ਸਾਲ ਦੇ ਸ਼ਾਸਨਕਾਲ ਵਿੱਚ 1138 ਕਰੋੜ ਰੁਪਏ ਦਾ ਮੁਆਵਜ਼ਾ ਜਾਰੀ ਕੀਤਾ ਸੀ।

