ਹਰਿਆਣਾ ਦੇ ਮੁੱਖ ਮੰਤਰੀ ਨੇ ਬੱਸ ’ਚ ਸਫਰ ਕੀਤਾ
ਡੇਰਾਬੱਸੀ ਤੋਂ ਟਿਕਟ ਲੈ ਕੇ ਅੰਬਾਲਾ ਤੱਕ ਗਏ; ਸਵਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ
ਹਰਜੀਤ ਸਿੰਘ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਹਰਿਆਣਾ ਰੋਡਵੇਜ਼ ਦੀ ਬੱਸ ਵਿੱਚ ਡੇਰਾਬੱਸੀ ਤੋਂ ਅੰਬਾਲਾ ਤੱਕ ਆਮ ਯਾਤਰੀ ਵਾਂਗ ਸਫ਼ਰ ਕੀਤਾ। ਉਨ੍ਹਾਂ ਡੇਰਾਬੱਸੀ ਬੱਸ ਸਟੈਂਡ ਤੋਂ ਅੰਬਾਲਾ ਤੱਕ ਦੀ ਟਿਕਟ ਲੈ ਕੇ ਸਫਰ ਕਰਦਿਆਂ ਯਾਤਰੀਆਂ ਨਾਲ ਗੱਲਬਾਤ ਕੀਤੀ ਤੇ ਮੁਸ਼ਕਲਾਂ ਬਾਰੇ ਜਾਣਕਾਰੀ ਲਈ।
ਹਲਕਾ ਡੇਰਾਬੱਸੀ ਤੋਂ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਚੰਡੀਗੜ੍ਹ ਤੋਂ ਦਿੱਲੀ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਡੇਰਾਬੱਸੀ ਬੱਸ ਸਟੈਂਡ ’ਤੇ ਪਹੁੰਚੇ ਤਾਂ ਉਥੋਂ ਹਰਿਆਣਾ ਰੋਡਵੇਜ਼ ਦੀ ਬੱਸ ਸਵਾਰੀਆਂ ਚੜ੍ਹਾ ਰਹੀ ਸੀ। ਸ੍ਰੀ ਸੈਣੀ ਨੇ ਆਪਣਾ ਕਾਫ਼ਲਾ ਰੋਕਿਆ ਤੇ ਖ਼ੁਦ ਵੀ ਬੱਸ ਵਿੱਚ ਸਵਾਰ ਹੋ ਗਏ। ਉਨ੍ਹਾਂ ਨੂੰ ਦੇਖ ਕੇ ਸਵਾਰੀਆਂ, ਬੱਸ ਡਰਾਈਵਰ ਤੇ ਕੰਡਕਟਰ ਹੈਰਾਨ ਹੋ ਗਏ। ਸਫ਼ਰ ਦੌਰਾਨ ਮੁੱਖ ਮੰਤਰੀ ਨੇ ਬੱਸ ਵਿੱਚ ਮੌਜੂਦ ਸਵਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਫਰ ’ਚ ਦਰਪੇਸ਼ ਮੁਸ਼ਕਲਾਂ ਸੁਣੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਇਸ ਤਰ੍ਹਾਂ ਖ਼ੁਦ ਸਫ਼ਰ ਕਰਨ ਨਾਲ ਅਧਿਕਾਰੀਆਂ ਨੂੰ ਵੀ ਜਨਤਾ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਪ੍ਰੇਰਨਾ ਮਿਲੇਗੀ।
ਅੰਬਾਲਾ ਪਹੁੰਚਣ ’ਤੇ ਉਹ ਬੱਸ ਵਿਚੋਂ ਉੱਤਰ ਕੇ ਆਪਣੇ ਕਾਫ਼ਲੇ ਨਾਲ ਦਿੱਲੀ ਵੱਲ ਰਵਾਨਾ ਹੋ ਗਏ। ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਦੇ ਇਸ ਕਦਮ ਦਾ ਮਕਸਦ ਸਰਕਾਰੀ ਬੱਸਾਂ ’ਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਪਤਾ ਕਰਕੇ ਉਨ੍ਹਾਂ ਨੂੰ ਦੂਰ ਕਰਨਾ ਹੈ।

