ਵਾਢੀ ਤੇਜ਼: ਪੰਜਾਬ ’ਚ ਮੁੜ ਉੱਠਿਆ ਪਰਾਲੀ ਦਾ ਧੂੰਆਂ
ਰੋਜ਼ਾਨਾ ਕੇਸਾਂ ਦਾ ਅੰਕੜਾ 150 ਤੱਕ ਪੁੱਜਿਆ; ਉੱਤਰ ਪ੍ਰਦੇਸ਼ ਤੋਂ ਮੁੜ ਅਗਾਂਹ ਲੰਘਿਆ ਪੰਜਾਬ
ਪੰਜਾਬ ’ਚ ਝੋਨੇ ਦੀ ਵਢਾਈ ਸਿਖ਼ਰ ’ਤੇ ਹੈ। ਇਸ ਦੇ ਨਾਲ ਹੀ ਸੂਬੇ ’ਚ ਪਰਾਲੀ ਸਾੜਨ ਦਾ ਰੁਝਾਨ ਤੇਜ਼ ਹੋਣ ਲੱਗਿਆ ਹੈ। ਉੱਤਰੀ ਭਾਰਤ ’ਚੋਂ ਹੁਣ ਪੰਜਾਬ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ’ਚ ਮੁੜ ਉੱਭਰਨ ਲੱਗਿਆ ਹੈ। ਪਹਿਲਾਂ ਉੱਤਰ ਪ੍ਰਦੇਸ਼ ’ਚ ਪੰਜਾਬ ਤੋਂ ਵੱਧ ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਲੰਘੇ 24 ਘੰਟਿਆਂ ’ਚ ਪੰਜਾਬ ਇਸ ਮਾਮਲੇ ’ਚ ਅੱਗੇ ਹੈ। ਸੂਬੇ ਵਿੱਚ ਵਾਢੀ ਦਾ ਕੰਮ ਪੰਜਾਹ ਫ਼ੀਸਦੀ ਨੂੰ ਪਾਰ ਕਰ ਗਿਆ ਹੈ। ਛੇ ਸੂਬਿਆਂ ’ਚ ਪਰਾਲੀ ਸਾੜਨ ਦੇ 15 ਸਤੰਬਰ ਤੋਂ ਹੁਣ ਤੱਕ 2965 ਕੇਸ ਸਾਹਮਣੇ ਆਏ ਹਨ, ਇਨ੍ਹਾਂ ’ਚੋਂ ਇਕੱਲੇ ਪੰਜਾਬ ਦੇ 30 ਫ਼ੀਸਦੀ ਕੇਸ ਹਨ।
ਵੇਰਵਿਆਂ ਅਨੁਸਾਰ ਪੰਜਾਬ ’ਚ 27 ਅਕਤੂਬਰ ਤੱਕ 890 ਕੇਸ ਰਿਕਾਰਡ ਕੀਤੇ ਗਏ ਹਨ ਤੇ ਲੰਘੇ ਇੱਕ ਦਿਨ ’ਚ 147 ਕੇਸ ਸਾਹਮਣੇ ਆਏ ਹਨ, ਜੋ ਦੋ ਦਿਨ ਪਹਿਲਾਂ ਤੱਕ 60 ਤੋਂ ਵੀ ਹੇਠਾਂ ਸਨ। 26 ਅਕਤੂਬਰ ਨੂੰ ਪੰਜਾਬ ’ਚ 122 ਕੇਸ ਪਰਾਲੀ ਸਾੜਨ ਦੇ ਸਨ। 28 ਅਕਤੂਬਰ ਦੇ ਅੰਕੜੇ ਨੂੰ ਸ਼ਾਮਲ ਕਰੀਏ ਤਾਂ ਪਰਾਲੀ ਸਾੜਨ ਦੇ ਕੇਸਾਂ ਦੀ ਗਿਣਤੀ ਹਜ਼ਾਰ ਨੂੰ ਪਾਰ ਕਰ ਗਈ ਹੈ। ਪਿਛਲੇ ਸਾਲ ਇਸ ਸਮੇਂ ਤੱਕ 1995 ਮਾਮਲੇ ਸਾਹਮਣੇ ਆਏ ਸਨ ਜਦੋਂਕਿ ਐਤਕੀਂ ਕੇਸਾਂ ਦਾ ਅੰਕੜਾ 890 ਹੈ।
ਪੰਜਾਬ ਸਰਕਾਰ ਦੇ ਨੋਡਲ ਅਧਿਕਾਰੀ ਪਿੰਡ-ਪਿੰਡ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਪ੍ਰੇਰ ਰਹੇ ਹਨ ਤੇ ਪੁਲੀਸ ਵੀ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ। ਜ਼ਿਲ੍ਹਾ ਸੰਗਰੂਰ ’ਚ ਕਿਸਾਨਾਂ ਵੱਲੋਂ ਪੁਲੀਸ ਦੀ ਮੌਜੂਦਗੀ ’ਚ ਪਰਾਲੀ ਨੂੰ ਅੱਗ ਲਗਾਈ ਗਈ ਹੈ। ਕਿਸਾਨ ਆਗੂ ਆਖਦੇ ਹਨ ਕਿ ਪਰਾਲੀ ਸਾੜਨਾ ਮਜਬੂਰੀ ਹੈ, ਸ਼ੌਕ ਨਹੀਂ। ਕਈ ਪੰਚਾਇਤਾਂ ਨੇ ਪਰਾਲੀ ਸਾੜਨ ਤੋਂ ਰੋਕੇ ਜਾਣ ਲਈ ਅਹਿਮ ਭੂਮਿਕਾ ਨਿਭਾਈ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਦੀ ਪੰਚਾਇਤ ਦੇ ਉਪਰਾਲੇ ਸਦਕਾ ਕਈ ਵਰ੍ਹਿਆਂ ਤੋਂ ਕਿਸੇ ਕਿਸਾਨ ਵੱਲੋਂ ਪਰਾਲੀ ਨਹੀਂ ਸਾੜੀ ਜਾ ਰਹੀ ਹੈ। ਵੇਰਵਿਆਂ ਅਨੁਸਾਰ ਪੰਜਾਬ ’ਚ ਹੁਣ ਤੱਕ ਪਰਾਲੀ ਸਾੜਨ ’ਚ ਪਹਿਲੇ ਨੰਬਰ ’ਤੇ ਤਰਨ ਤਾਰਨ ਜ਼ਿਲ੍ਹਾ ਹੈ ਜਿੱਥੇ ਹੁਣ ਤੱਕ 249 ਕੇਸ ਸਾਹਮਣੇ ਆਏ ਹਨ ਜਦੋਂਕਿ ਅੰਮ੍ਰਿਤਸਰ ਜ਼ਿਲ੍ਹੇ ’ਚ 169 ਦਾ ਅੰਕੜਾ ਹੈ। ਜ਼ਿਲ੍ਹਾ ਸੰਗਰੂਰ ’ਚ ਪਰਾਲੀ ਨੂੰ ਅੱਗ ਲਾਉਣ ਦੇ 79 ਕੇਸ ਸਾਹਮਣੇ ਆਏ ਹਨ। ਫ਼ਿਰੋਜ਼ਪੁਰ ’ਚ ਵੀ ਕੇਸਾਂ ਦਾ ਅੰਕੜਾ 87 ਹੋ ਗਿਆ ਹੈ। ਪੰਜਾਬ ਦਾ ਜ਼ਿਲ੍ਹਾ ਰੋਪੜ ਤੇ ਪਠਾਨਕੋਟ ’ਚ ਹਾਲੇ ਤੱਕ ਪਰਾਲੀ ਸਾੜਨ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ।
ਜ਼ਿਲ੍ਹਾ ਮਾਨਸਾ ’ਚ ਵੱਡਾ ਸੁਧਾਰ ਨਜ਼ਰ ਆ ਰਿਹਾ ਹੈ ਜਿੱਥੇ ਹੁਣ ਤੱਕ ਸਿਰਫ਼ ਦਰਜਨ ਕੇਸ ਸਾਹਮਣੇ ਆਏ ਹਨ ਜਦੋਂਕਿ ਪਿਛਲੇ ਵਰ੍ਹੇ ਇਸ ਸਮੇਂ ਤੱਕ ਇਸ ਜ਼ਿਲ੍ਹੇ ’ਚ 41 ਘਟਨਾਵਾਂ ਦਰਜ ਹੋਈਆਂ ਸਨ। ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ, ਲੁਧਿਆਣਾ, ਮਾਲੇਰਕੋਟਲਾ, ਮੁਕਤਸਰ ਅਤੇ ਨਵਾਂ ਸ਼ਹਿਰ ਵਿੱਚ ਹਾਲੇ ਤੱਕ ਪਰਾਲੀ ਸਾੜਨ ਦੇ ਟਾਵੇਂ ਹੀ ਮਾਮਲੇ ਤਸਦੀਕ ਹੋਏ ਹਨ। ਪਰਾਲੀ ਸਾੜੇ ਜਾਣ ਦੇ ਕੇਸ ਘਟਣ ਕਰਕੇ ਪੰਜਾਬ ਦੀ ਹਵਾ ਗੁਣਵੱਤਾ ਵੀ ਸਥਿਤੀ ਵੀ ਬਹੁਤੀ ਖ਼ਰਾਬ ਨਹੀਂ ਹੋਈ ਹੈ।
ਸੂਬਿਆਂ ’ਚ ਪਰਾਲੀ ਸਾੜਨ (15 ਸਤੰਬਰ ਤੋਂ 27 ਅਕਤੂਬਰ) ਦੇ ਕੇਸ
ਸੂਬੇ ਦੇ ਨਾਮ ਅੱਗ ਦੇ ਕੇਸ
ਪੰਜਾਬ 890
ਉੱਤਰ ਪ੍ਰਦੇਸ਼ 973
ਰਾਜਸਥਾਨ 538
ਹਰਿਆਣਾ 78
ਦਿੱਲੀ 03
ਪੰਜਾਬ ’ਚ ਪਰਾਲੀ ਸਾੜਨ ਦੇ ਕੇਸਜ਼ਿਲ੍ਹੇ ਦਾ ਨਾਮ ਕੇਸਾਂ ਦੀ ਗਿਣਤੀ
ਤਰਨ ਤਾਰਨ 249
ਅੰਮ੍ਰਿਤਸਰ 169
ਫ਼ਿਰੋਜ਼ਪੁਰ 87
ਸੰਗਰੂਰ 79
ਪਟਿਆਲਾ 46
ਗੁਰਦਾਸਪੁਰ 41
ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹੈ: ਮਾਨ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਦੇਸ਼ ਦੀ ਰਾਜਧਾਨੀ ’ਚ ਪ੍ਰਦੂਸ਼ਣ ਲਈ ਪੰਜਾਬ ਨੂੰ ਯੋਜਨਾਬੱਧ ਸਾਜ਼ਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ ਜਦੋਂਕਿ ਜ਼ਮੀਨੀ ਹਕੀਕਤ ਇਸ ਤੋਂ ਵੱਖਰੀ ਹੈ। ਉਨ੍ਹਾਂ ਤਰਕ ਦਿੱਤਾ ਕਿ ਪੰਜਾਬ ਅਤੇ ਦਿੱਲੀ ਦੇ ਦਰਮਿਆਨ ਹਰਿਆਣਾ ਰਾਜ ਆਉਂਦਾ ਹੈ ਪਰ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੇ ਹਰਿਆਣਾ ਨੂੰ ਭੁੱਲ ਹੀ ਜਾਂਦੇ ਹਨ। ਉਨ੍ਹਾਂ ਸੁਆਲ ਕੀਤਾ ਕਿ ਜਦੋਂ ਐਤਕੀਂ ਪੰਜਾਬ ’ਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਬਹੁਤੇ ਸਾਹਮਣੇ ਹੀ ਨਹੀਂ ਆ ਰਹੇ ਹਨ ਤਾਂ ਫਿਰ ਵੀ ਦਿੱਲੀ ’ਚ ਹਵਾ ਦੀ ਗੁਣਵੱਤਾ ’ਚ ਏਨਾ ਵਿਗਾੜ ਕਿਉਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਬਿਨਾਂ ਕਾਰਨ ਤੋਂ ਬਦਨਾਮ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਹਾਲੇ ਤੱਕ ਪਰਾਲੀ ਪ੍ਰਦੂਸ਼ਣ ਰੋਕਣ ਵਾਸਤੇ ਕੋਈ ਸਥਾਈ ਬਦਲ ਮੁਹੱਈਆ ਨਹੀਂ ਕਰਾ ਰਹੀ ਹੈ।
ਤਰਨ ਤਾਰਨ ਵਿੱਚ ਏ ਕਿਊ ਆਈ 240 ਤੋਂ ਪਾਰ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਪੰਜਾਬ ਪ੍ਰਦੂਸ਼ਣ ਕੰਟਰੋਲ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਅੱਜ ਤਰਨ ਤਾਰਨ ਵਿੱਚ ਏ ਕਿਊ ਆਈ 240 ਨੂੰ ਪਾਰ ਕਰ ਗਿਆ ਹੈ ਜੋ ਸਿਹਤ ਲਈ ਖ਼ਤਰਨਾਕ ਹੈ। ਦੂਜੇ ਪਾਸੇ, ਅੰਮ੍ਰਿਤਸਰ ਵਿੱਚ ਪਰਾਲੀ ਸਾੜਨ ਦੇ ਕੇਸ ਦੂਜੇ ਨੰਬਰ ’ਤੇ ਹੋਣ ਕਰ ਕੇ ਇੱਥੇ ਏ ਕਿਊ ਆਈ 201 ਤੱਕ ਪਹੁੰਚ ਗਿਆ ਹੈ। ਰੋਪੜ ਦਾ ਏ ਕਿਊ ਆਈ ਪੰਜਾਬ ਵਿੱਚ ਸਭ ਤੋਂ ਘੱਟ ਸਿਰਫ਼ 24 ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਠਿੰਡਾ ’ਚ ਏ ਕਿਊ ਆਈ 112, ਜਲੰਧਰ 125, ਖੰਨਾ 122, ਲੁਧਿਆਣਾ 149 ਤੇ ਪਟਿਆਲਾ ’ਚ 122 ਦਰਜ ਕੀਤਾ ਗਿਆ ਹੈ।

