ਹਰਪ੍ਰੀਤ ਦੀ ਗਾਂ ਨੇ 82 ਲਿਟਰ ਦੁੱਧ ਦੇ ਕੇ ਕੌਮੀ ਰਿਕਾਰਡ ਬਣਾਇਆ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 9 ਫਰਵਰੀ
ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀਡੀਐੱਫਏ) ਦੇ 18ਵੇਂ ਕੌਮਾਂਤਰੀ ਡੇਅਰੀ ਤੇ ਐਗਰੀ ਐਕਸਪੋ ਦੇ ਅੱਜ ਦੂਜੇ ਦਿਨ ਇਕੱਠ ਵਾਲੇ ਵੀ ਰਿਕਾਰਡ ਟੁੱਟ ਗਏ ਅਤੇ ਸਭ ਤੋਂ ਵੱਧ ਦੁੱਧ ਦੇਣ ਵਾਲੇ ਵੀ। ਇਸ ਮੇਲੇ ਵਿੱਚ ਗਾਂ ਨੇ 82 ਲਿਟਰ ਦੁੱਧ ਦਿੱਤਾ ਜੋ ਆਪਣੇ-ਆਪ ਵਿੱਚ ਨੈਸ਼ਨਲ ਰਿਕਾਰਡ ਹੈ। ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਅਗਲੇ ਪੰਜਾਂ ਸਾਲ ਵਿੱਚ ਇਹ ਸੌ ਲਿਟਰ ਤੱਕ ਲਿਜਾਣ ਦੀ ਗੱਲ ਕਰ ਦਿੱਤੀ।
ਮੇਲੇ ਦੇ ਦੂਜੇ ਦਿਨ ਅੱਜ ਪੰਜਾਬ ਦੇ ਖੇਤੀਬਾੜੀ ਤੇ ਡੇਅਰੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਦੁੱਧ ਵਿੱਚ ਮਿਲਾਵਟਖੋਰੀ ਸਮੇਤ ਹੋਰ ਮਸਲਿਆਂ ’ਤੇ ਪੰਜਾਬ ਸਰਕਾਰ ਪੀਡੀਐੱਫਏ ਦੇ ਨਾਲ ਖੜ੍ਹੀ ਹੈ। ਉਨ੍ਹਾਂ ਡੇਅਰੀ ਕਿੱਤੇ ਨੂੰ ਹੋਰ ਪ੍ਰਫੁੱਲਿਤ ਕਰਨ ਅਤੇ ਮਿਲਾਵਟਖੋਰੀ ਖ਼ਿਲਾਫ਼ ਪੀਡੀਐੱਫਏ ਨਾਲ ਚਰਚਾ ਕਰਕੇ ਰਣਨੀਤੀ ਉਲੀਕਣ ਦਾ ਐਲਾਨ ਕੀਤਾ।
ਇਸ ਦੌਰਾਨ ਮੋਗਾ ਜ਼ਿਲ੍ਹੇ ਦੇ ਪਿੰਡ ਨੂਰਪੁਰ ਹਕੀਮਾਂ ਦੇ ਹਰਪ੍ਰੀਤ ਸਿੰਘ ਦੀ ਗਾਂ ਨੇ 82 ਲਿਟਰ ਦੁੱਧ ਦਾ ਨੈਸ਼ਨਲ ਰਿਕਾਰਡ ਬਣਾਇਆ। ਪਿਛਲੇ ਪੀਡੀਐੱਫਏ ਮੇਲੇ ਵਿੱਚ ਇਹ 74 ਲਿਟਰ ਦਾ ਰਿਕਾਰਡ ਸੀ। ਪਿਛਲੇ ਸਾਲ ਜਰਸੀ ਗਾਂ ਦਾ 55 ਲਿਟਰ ਸੀ ਤੇ ਐਤਕੀਂ ਵੀ 55 ਲਿਟਰ ਹੈ। ਇਸ ਮੌਕੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਪੀਡੀਐੱਫਏ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕੈਬਨਿਟ ਮੰਤਰੀ ਖੁੱਡੀਆਂ ਨੂੰ ਜੀ ਆਇਆਂ ਕਿਹਾ ਅਤੇ ਡੇਅਰੀ ਮੇਲੇ ਵਿੱਚ ਪਹੁੰਚਣ ’ਤੇ ਧੰਨਵਾਦ ਕੀਤਾ। ਉਨ੍ਹਾਂ ਸਰਕਾਰਾਂ ਦੀ ਬੇਰੁਖੀ ਦਾ ਗਿਲਾ ਕੀਤਾ ਅਤੇ ਖੇਤੀ ਮੰਤਰੀ ਨੂੰ ਅਪੀਲ ਕੀਤੀ ਕਿ ਸਰਕਾਰ ਇਸ ਪਾਸੇ ਵਿਸ਼ੇਸ਼ ਧਿਆਨ ਦੇਵੇ। ਇਸ ਮੌਕੇ ਵਾਈਸ ਚਾਂਸਲਰ ਜੇਪੀਐੱਸ ਗਿੱਲ, ਆਰਐੱਸ ਸੋਢੀ, ਡਾਇਰੈਕਟਰ ਕੁਲਦੀਪ ਸਿੰਘ ਜੱਸੋਵਾਲ, ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਰੇਸ਼ਮ ਸਿੰਘ ਭੁੱਲਰ, ਜਨਰਲ ਸਕੱਤਰ ਬਲਬੀਰ ਸਿੰਘ, ਖਜ਼ਾਨਚੀ ਰਾਜਪਾਲ ਸਿੰਘ ਕੁਲਾਰ, ਰਣਜੀਤ ਸਿੰਘ ਲੰਗੇਆਣਾ, ਪਰਮਿੰਦਰ ਸਿੰਘ ਘੁਡਾਣੀ, ਸੁਖਦੇਵ ਸਿੰਘ ਬਰੋਲੀ, ਗੁਰਬਖਸ਼ ਸਿੰਘ, ਸੁਖਜਿੰਦਰ ਸਿੰਘ ਘੁੰਮਣ, ਬਲਜਿੰਦਰ ਸਿੰਘ ਸਠਿਆਲਾ, ਡਾ. ਜੇਐੱਸ ਭੱਟੀ, ਕੁਲਦੀਪ ਸਿੰਘ ਸ਼ੇਰੋਂ, ਅਵਤਾਰ ਸਿੰਘ ਥਾਬਲਾਂ, ਸੁਖਰਾਜ ਸਿੰਘ ਗੁੜੇ ਤੇ ਬਲਵੀਰ ਸਿੰਘ ਨਵਾਂ ਸ਼ਹਿਰ ਆਦਿ ਹਾਜ਼ਰ ਸਨ।
ਹਨੀ ਸਿੰਘ ਦਾ ਬੈਸਟ ਡੇਅਰੀ ਐਵਾਰਡ ਨਾਲ ਸਨਮਾਨ
ਪੀਡੀਐੱਫਏ ਵੱਲੋਂ ਇਸ ਸਾਲ ਬੈਸਟ ਡੇਅਰੀ ਫਾਰਮ ਦਾ ਐਵਾਰਡ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮੂ ਦੀ ਹੀਰਾ ਡੇਅਰੀ ਫਾਰਮ ਦੇ ਹਨੀ ਸਿੰਘ ਨੂੰ ਦਿੱਤਾ ਗਿਆ। ਪੀਡੀਐੱਫਏ ਵੱਲੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪ੍ਰਧਾਨ ਸਦਰਪੁਰਾ ਤੇ ਐਸੋਸੀਏਸ਼ਨ ਦੇ ਹੋਰਨਾਂ ਅਹੁਦੇਦਾਰਾਂ ਨਾਲ ਮਿਲ ਕੇ ਹਨੀ ਸਿੰਘ ਨੂੰ ਇਹ ਐਵਾਰਡ ਪ੍ਰਦਾਨ ਕੀਤਾ।