ਐੱਨ ਆਰ ਆਈ ਮਹਿਲਾ ਦੀ ਲਾਸ਼ ਦੇ ਅੱਧ ਸੜੇ ਹਿੱਸੇ ਬਰਾਮਦ
ਮਹੇਸ਼ ਸ਼ਰਮਾ
ਅਮਰੀਕਾ ਰਹਿੰਦੀ ਐੱਨ ਆਰ ਆਈ ਰੁਪਿੰਦਰ ਕੌਰ ਪੰਧੇਰ ਦੇ ਕਤਲ ਦੀ ਪੜਤਾਲ ਕਰ ਰਹੀ ਡੇਹਲੋਂ ਪੁਲੀਸ ਨੇ ਮੁਲਜ਼ਮ ਸੁਖਜੀਤ ਸਿੰਘ ਸੋਨੂੰ ਵਾਸੀ ਕਿਲਾ ਰਾਏਪੁਰ ਦੀ ਨਿਸ਼ਾਨਦੇਹੀ ’ਤੇ ਲਾਸ਼ ਦੇ ਕੁਝ ਹਿੱਸੇ ਲਹਿਰਾ ਪਿੰਡ ਲਾਗਿਉਂ ਲੰਘਦੀ ਡਰੇਨ ’ਚੋਂ ਬਰਾਮਦ ਕਰ ਲਏ ਹਨ।
ਏਸੀਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਮੁਖੀ ਸੁਖਜਿੰਦਰ ਸਿੰਘ ਵੱਲੋਂ ਕੀਤੀ ਪੜਤਾਲ ਅਨੁਸਾਰ ਸੋਨੂੰ ਨੇ ਕਤਲ 12 ਜੁਲਾਈ ਦੀ ਰਾਤ ਨੂੰ ਕੀਤਾ ਸੀ। ਉਸ ਨੇ ਡੀਜ਼ਲ ਪਾ ਕੇ ਲਾਸ਼ ਸਾੜ ਦਿੱਤੀ ਅਤੇ ਅੱਧ ਸੜੇ ਹਿੱਸਿਆਂ ਨੂੰ ਉਸੇ ਰਾਤ ਡਰੇਨ ਵਿੱਚ ਸੁੱਟ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕਤਲ ਲਈ ਚਰਨਜੀਤ ਸਿੰਘ ਗਰੇਵਾਲ ਨੇ 35 ਲੱਖ ਰੁਪਏ ਵੀ ਰੁਪਿੰਦਰ ਕੌਰ ਪੰਧੇਰ ਦੇ ਖਾਤੇ ਵਿੱਚੋਂ ਮੁਲਜ਼ਮ ਸੋਨੂੰ ਤੇ ਉਸ ਦੇ ਭਰਾ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਸਨ। ਜ਼ਿਕਰਯੋਗ ਹੈ ਕਿ ਥਾਣਾ ਡੇਹਲੋਂ ਵਿੱਚ 18 ਅਗਸਤ ਨੂੰ ਸੁਖਜੀਤ ਸਿੰਘ ਸੋਨੂੰ ਵੱਲੋਂ ਰੁਪਿੰਦਰ ਕੌਰ ਪੰਧੇਰ ਦੀ ਗੁਮਸ਼ੁਦਗੀ ਬਾਰੇ ਸ਼ਿਕਾਇਤ ਕੀਤੀ ਗਈ ਸੀ।
ਏ ਸੀ ਪੀ ਗਿੱਲ ਅਨੁਸਾਰ ਇਸ ਸ਼ਿਕਾਇਤ ਦੀ ਐੱਸ ਐੱਚ ਓ ਸੁਖਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੀ ਪੜਤਾਲ ਵਿੱਚ ਸ਼ਿਕਾਇਤਕਰਤਾ ਹੀ ਮੁਲਜ਼ਮ ਨਿਕਲਿਆ। ਬਾਅਦ ’ਚ ਉਸ ਨੇ ਕਬੂਲ ਕੀਤਾ ਕਿ ਉਸ ਨੇ ਇਹ ਕਤਲ ਮਹਿਮਾ ਸਿੰਘ ਵਾਲੇ ਤੋਂ ਇੰਗਲੈਂਡ ਰਹਿੰਦੇ ਐੱਨ ਆਰ ਆਈ ਚਰਨਜੀਤ ਸਿੰਘ ਦੇ ਕਹਿਣ ’ਤੇ ਕੀਤਾ ਸੀ।
ਇਸ ਲਈ ਉਸ ਨੂੰ ਪੰਜਾਹ ਲੱਖ ਰੁਪਏ ਦਿੱਤੇ ਜਾਣੇ ਸਨ। ਮ੍ਰਿਤਕਾ ਦੀ ਭੈਣ ਕਮਲ ਕੌਰ ਖਹਿਰਾ ਨੇ ਦੱਸਿਆ ਕਿ ਚਰਨਜੀਤ ਸਿੰਘ ਗਰੇਵਾਲ ਨੇ ਰੁਪਿੰਦਰ ਕੌਰ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਅਤੇ ਉਸ ਨੂੰ ਕਿਲਾ ਰਾਏਪੁਰ ਪਹੁੰਚਣ ਲਈ ਕਿਹਾ ਸੀ।