40 ਕਿੱਲੋ ਹੈਰੋਇਨ ਸਣੇ ਅੱਧੀ ਦਰਜਨ ਕਾਬੂ
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਸੀਆਈਏ ਸਟਾਫ ਬਠਿੰਡਾ-1 ਦੀ ਪੁਲੀਸ ਪਾਰਟੀ ਨੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 40 ਕਿੱਲੋ ਹੈਰੋਇਨ (ਕਮਰਸ਼ੀਅਲ ਮਾਤਰਾ) ਅਤੇ ਫ਼ਾਰਚੂਨਰ ਬਰਾਮਦ ਕੀਤੀ ਹੈ। ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਬਠਿੰਡਾ ਪੁਲੀਸ ਦੇ ਸੀਆਈਏ ਸਟਾਫ-1 ਦੀ ਪੁਲੀਸ ਪਾਰਟੀ ਵੱਲੋਂ ਗਸ਼ਤ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਫ਼ਾਰਚੂਨਰ ਰੰਗ ਕਾਲਾ ਨੰਬਰ ਪੀਬੀ 53ਈ-6771 ਨੂੰ ਚੈੱਕ ਕੀਤਾ ਗਿਆ, ਤਾਂ ਉਸ ਵਿੱਚ 6 ਵਿਅਕਤੀ ਸਵਾਰ ਸਨ। ਉਨ੍ਹਾਂ ਦੱਸਿਆ ਕਿ ਗੱਡੀ ਦੀ ਤਲਾਸ਼ੀ ਦੌਰਾਨ 40 ਕਿੱਲੋ ਹੈਰੋਇਨ (ਕਮਰਸ਼ੀਅਲ ਮਾਤਰਾ) ਬਰਾਮਦ ਹੋਈ। ਇਸ ਦੌਰਾਨ ਪੁਲੀਸ ਪਾਰਟੀ ਨੇ ਗੱਡੀ ’ਚ ਸਵਾਰ ਵਿਅਕਤੀਆਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਜੋ ਮਲੋਟ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਪਛਾਣ ਲਖਵੀਰ ਸਿੰਘ ਉਰਫ ਲੱਖਾ, ਪ੍ਰਭਜੀਤ ਸਿੰਘ ਉਰਫ ਪ੍ਰਭ, ਰਣਜੋਧ ਸਿੰਘ ਉਰਫ ਹਰਮਨ, ਅਕਾਸ਼ ਮਰਵਾਹ, ਰੋਹਿਤ ਕੁਮਾਰ, ਗੁਰਚਰਨ ਸਿੰਘ ਉਰਫ ਗੁਰੀ ਹੈ। ਹੈਰੋਇਨ ਦੀ ਇਹ ਖੇਪ ਪਾਕਿਸਤਾਨ ਬਾਰਡਰ ਰਾਹੀਂ ਮੰਗਵਾ ਕੇ ਉਨ੍ਹਾਂ ਨੂੰ ਡਿਲਿਵਰ ਕਰਵਾਈ ਸੀ।