ਸ਼ਹਾਦਤ ਮਨੁੱਖਤਾ ਦੇ ਇਤਿਹਾਸ ’ਚ ਮਿਸਾਲ: ਸ਼ੇਖਾਵਤ
ਭਾਜਪਾ ਵੱਲੋਂ ਅੱਜ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਦੌਰਾਨ ਪ੍ਰਸਿੱਧ ਰਾਗੀ ਜਥਿਆਂ ਨੇ ਕੀਰਤਨ ਕੀਤਾ। ਇਸ ਸਮਾਗਮ ਵਿੱਚ ਕੇਂਦਰੀ ਮੰਤਰੀ...
ਭਾਜਪਾ ਵੱਲੋਂ ਅੱਜ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਦੌਰਾਨ ਪ੍ਰਸਿੱਧ ਰਾਗੀ ਜਥਿਆਂ ਨੇ ਕੀਰਤਨ ਕੀਤਾ। ਇਸ ਸਮਾਗਮ ਵਿੱਚ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਸਮੇਤ ਅਸ਼ਵਨੀ ਸ਼ਰਮਾ, ਸੁਨੀਲ ਜਾਖੜ, ਡਾ. ਸੁਭਾਸ਼ ਸ਼ਰਮਾ, ਸੋਮ ਪ੍ਰਕਾਸ਼, ਵਿਜੈ ਸਾਂਪਲਾ, ਅਵਿਨਾਸ਼ ਰਾਏ ਖੰਨਾ, ਪ੍ਰਨੀਤ ਕੌਰ ਅਤੇ ਇਕਬਾਲ ਸਿੰਘ ਲਾਲਪੁਰਾ ਹਾਜ਼ਰ ਸਨ। ਇਸ ਦੌਰਾਨ ਭਾਜਪਾ ਦੀ ਪੂਰੀ ਲੀਡਰਸ਼ਿਪ ਨੇ ਤਖ਼ਤ ਕੇਸਗੜ੍ਹ ਸਾਹਿਬ ਵਿੱਚ ਨਤਮਸਤਕ ਹੋ ਕੇ ਅਰਦਾਸ ਕੀਤੀ। ਕੀਰਤਨ ਦਰਬਾਰ ਤੋਂ ਬਾਅਦ ਸੰਗਤ ਨੂੰ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮਨੁੱਖਤਾ ਦੇ ਇਤਿਹਾਸ ਵਿੱਚ ਮਿਸਾਲ ਹੈ। ਧਾਰਮਿਕ ਆਜ਼ਾਦੀ ਦੀ ਰਾਖੀ ਲਈ ਦਿੱਤਾ ਗਿਆ ਇਹ ਬਲਿਦਾਨ ਵਿਸ਼ਵ ਪੱਧਰ ’ਤੇ ਅਦੁਤੀ ਮਿਸਾਲ ਹੈ, ਜਿਸ ਬਾਰੇ ਦੇਸ਼ ਦੇ ਹਰ ਨਾਗਰਿਕ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਭਾਜਪਾ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮ ਕਰਵਾ ਰਹੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਤੱਕ ਗੁਰੂ ਸਾਹਿਬ ਦੇ ਉਪਦੇਸ਼ ਪਹੁੰਚ ਸਕਣ। ਅੱਜ ਸਮੁੱਚੀ ਭਾਜਪਾ ਲੀਡਰਸ਼ਿਪ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰਦੀ ਹੈ। ਮੋਦੀ ਸਰਕਾਰ ਪੰਜਾਬ ਦੀ ਇਤਿਹਾਸਕ ਧਰਤੀ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਹੈ। ਬੰਦੀ ਸਿੰਘਾਂ ਦੀ ਰਿਹਾਈ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ, ਦੇਸ਼ ਦੇ ਕਾਨੂੰਨ ਅਨੁਸਾਰ ਚੱਲਦੀ ਹੈ ਅਤੇ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਹੀ ਹਰ ਮਾਮਲਾ ਤੈਅ ਹੁੰਦਾ ਹੈ। ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਲੜੇ ਯੋਧਿਆਂ ਦਾ ਇਤਿਹਾਸ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਾਇਆ ਜਾ ਰਿਹਾ ਹੈ ਅਤੇ ਗੁਰੂ ਤੇਗ ਬਹਾਦਰ ਦਾ ਇਤਿਹਾਸ ਵੀ ਦੇਸ਼ ਦੇ ਹਰ ਵਿਦਿਆਰਥੀ ਤੱਕ ਪਹੁੰਚਾਉਣਾ ਲਾਜ਼ਮੀ ਹੈ। ਇਸ ਤਰ੍ਹਾਂ ਦੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਕੀਰਤਨ ਦਰਬਾਰ ਦੀ ਸਮਾਪਤੀ ਮੌਕੇ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਦੇ ਮੁੱਖ ਗ੍ਰੰਥੀ ਵੱਲੋਂ ਅਰਦਾਸ ਕੀਤੀ ਗਈ।

