ਗੁਰੂ ਨਾਨਕ ਦੇਵ ’ਵਰਸਿਟੀ ਦੇ ਉਪ-ਕੁਲਪਤੀ ਅਕਾਲ ਤਖ਼ਤ ’ਤੇ ਪੇਸ਼
ਜਗਤਾਰ ਸਿੰਘ ਲਾਂਬਾ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ ਡਾ. ਕਰਮਜੀਤ ਸਿੰਘ ਅੱਜ ਅਕਾਲ ਤਖ਼ਤ ਵਿਖੇ ਪੇਸ਼ ਹੋਏ। ਉਨ੍ਹਾਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਲ ਆਪਣਾ ਪੱਖ ਸਪੱਸ਼ਟ ਕੀਤਾ। ਅਕਾਲ ਤਖ਼ਤ ਵੱਲੋਂ ਉਨ੍ਹਾਂ ਨੂੰ 15 ਦਿਨਾਂ ਵਿੱਚ ਆਪਣਾ ਪੱਖ ਸਪੱਸ਼ਟ ਕਰਨ ਲਈ ਪੇਸ਼ ਹੋਣ ਲਈ ਕਿਹਾ ਗਿਆ ਸੀ।
ਅਕਾਲ ਤਖ਼ਤ ਦੇ ਸਕੱਤਰੇਤ ਵੱਲੋਂ ਦੱਸਿਆ ਗਿਆ ਕਿ ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੇ ਵਿਰੁੱਧ ਦੱਖਣ ਭਾਰਤ ਵਿੱਚ ਸਮਾਗਮ ਦੌਰਾਨ ਗੁਰਮਤਿ ਫ਼ਲਸਫ਼ੇ ਦੇ ਵਿਰੁੱਧ ਪ੍ਰਗਟਾਵਾ ਕਰਨ ਕਰਕੇ ਅਕਾਲ ਤਖ਼ਤ ਵਿਖੇ ਸ਼ਿਕਾਇਤਾਂ ਪੁੱਜੀਆਂ ਸਨ। ਇਸ ਮਾਮਲੇ ਸਬੰਧੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਅਨੁਸਾਰ ਵਾਈਸ ਚਾਂਸਲਰ ਨੂੰ ਆਪਣਾ ਪੱਖ ਰੱਖਣ ਲਈ ਸੱਦਿਆ ਗਿਆ ਸੀ।
ਅੱਜ ਡਾ. ਕਰਮਜੀਤ ਸਿੰਘ ਨੇ ਜਥੇਦਾਰ ਗੜਗੱਜ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਲਿਖਤੀ ਰੂਪ ਵਿੱਚ ਰੱਖਿਆ। ਉਪ ਕੁਲਪਤੀ ਨੇ ਲਗਪਗ ਤਿੰਨ ਸਫਿਆਂ ਦਾ ਪੱਤਰ ਆਪਣੇ ਸਪੱਸ਼ਟੀਕਰਨ ਵਜੋਂ ਜਥੇਦਾਰ ਨੂੰ ਸੌਂਪਿਆ। ਪੱਤਰ ਵਿੱਚ ਉਨ੍ਹਾਂ ਕਿਹਾ ਕਿ ਉਹ ਅਕਾਲ ਤਖ਼ਤ ਨੂੰ ਸਮਰਪਿਤ ਸਿੱਖ ਹਨ। ਬੀਤੇ ਦਿਨੀਂ ਉਹ ਕੋਚੀ ਵਿੱਚ ਯੂਜੀਸੀ ਵੱਲੋਂ ਰੱਖੇ ਗਏ ਯੂਨੀਵਰਸਿਟੀਆਂ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਨ। ਉਥੇ ਉਨ੍ਹਾਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਅਤੇ ਨਵੇਂ ਆਰੰਭ ਕੀਤੀ ਚੇਅਰ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਅਜਿਹੀ ਕੋਈ ਵੀ ਮਨਸ਼ਾ ਨਹੀਂ ਸੀ ਜਿਸ ਨਾਲ ਸਿੱਖ ਧਰਮ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੇ ਜਾਂ ਸਿੱਖੀ ਦੇ ਵੱਖਰੇ ਸਰੂਪ ਨੂੰ ਕੋਈ ਢਾਹ ਲੱਗੇ। ਉਨ੍ਹਾਂ ਕਿਹਾ ਕਿ ਜਾਣੇ ਅਨਜਾਣੇ ਵਿੱਚ ਹੋਈ ਕਿਸੇ ਵੀ ਗਲਤੀ ਲਈ ਉਹ ਖਿਮਾ ਯਾਚਨਾ ਕਰਦੇ ਹਨ। ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਆਉਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰਨ ਮਗਰੋਂ ਫੈਸਲਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਹੋਰ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸ਼ਿਕਾਇਤ ਕੀਤੀ ਸੀ।