ਨਿਊ ਸਾਊਥ ਵੇਲਜ਼ ’ਚ ਵਿਰੋਧੀ ਧਿਰ ਦਾ ਨੇਤਾ ਬਣੇ ਗੁਰਮੇਸ਼ ਸਿੰਘ
ਸਰਬਸੰਮਤੀ ਨਾਲ ਹੋੲੀ ਚੋਣ; ਸਿੱਖੀ ਪਿਛੋਕਡ਼ ਵਾਲੇ ਆਗੂ ਨੇ ਰਚਿਆ ਇਤਿਹਾਸ
ਆਸਟਰੇਲੀਆ ਦੀ ਰਾਜਸੀ ਨੈਸ਼ਨਲਜ਼ ਪਾਰਟੀ ਦੇ ਸਟੇਟ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦਾ ਨੇਤਾ ਸੰਸਦ ਮੈਂਬਰ ਗੁਰਮੇਸ਼ ਸਿੰਘ ਬਿਨਾਂ ਮੁਕਾਬਲਾ ਚੁਣੇ ਗਏ ਹਨ। ਇਹ ਆਸਟਰੇਲੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਕੋਈ ਸਿੱਖੀ ਪਿਛੋਕੜ ਵਾਲਾ ਵਿਅਕਤੀ ਇਸ ਅਹੁਦੇ ਉੱਤੇ ਪੁੱਜਿਆ ਹੈ।
ਮੁਲਕ ਦੀ ਸਭ ਤੋਂ ਵੱਧ ਅਬਾਦੀ ਵਾਲਾ ਸੂਬਾ ਨਿਊ ਸਾਊਥ ਵੇਲਜ਼ ਵਿੱਚ ਕੌਫਸ ਹਾਰਬਰ ਦੇ ਸੰਸਦ ਗੁਰਮੇਸ਼ ਸਿੰਘ ਦੇ ਇਸ ਅਹੁਦੇ ’ਤੇ ਪੁੱਜਣ ਦਾ ਸਵਾਗਤ ਰਾਜ ਭਰ ਦੇ ਭਾਰਤੀ ਸਿੱਖ ਭਾਈਚਾਰਿਆਂ ਨੇ ਕੀਤਾ ਹੈ। ਸ੍ਰੀ ਸਿੰਘ ਦੀ ਚੋਣ ਐਨਐਸਡਬਲਯੂ ਲਿਬਰਲ ਨੇਤਾ ਮਾਰਕ ਸਪੀਕਮੈਨ ਲਈ ਇੱਕ ਸੰਭਾਵਿਤ ਚੁਣੌਤੀ ਬਾਰੇ ਵਧ ਰਹੀਆਂ ਅਟਕਲਾਂ ਦਰਮਿਆਨ ਆਈ ਹੈ। ਗੁਰਮੇਸ਼ ਸਿੰਘ ਦੀ ਐਨਐਸਡਬਲਯੂ ਨੈਸ਼ਨਲਜ਼ ਦੇ ਨਵੇਂ ਨੇਤਾ ਵਜੋਂ ਚੋਣ ਨੂੰ ਆਸਟਰੇਲਿਆਈ ਸਿੱਖ ਭਾਈਚਾਰੇ ਲਈ ਯਾਦਗਾਰੀ ਤੇ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਸਾਬਕਾ ਨੇਤਾ ਡੁਗਾਲਡ ਸਾਂਡਰਸ ਦੇ ਅਸਤੀਫ਼ੇ ਤੋਂ ਬਾਅਦ, ਗੁਰਮੇਸ਼ ਬਿਨਾਂ ਵਿਰੋਧ ਚੁਣੇ ਗਏ ਹਨ। ਸੰਸਦ ਲਈ ਆਪਣੀ ਚੋਣ ਤੋਂ ਪਹਿਲਾਂ, ਗੁਰਮੇਸ਼ ਸਿੰਘ ਆਧੁਨਿਕ ਕਿਸਾਨ ਮਲਕੀਅਤ ਵਾਲੀ ਓਜ਼ਗਰੁੱਪ ਕੋ-ਆਪਰੇਟਿਵ ਅਦਾਰੇ ਨੂੰ ਚਲਾਉਂਦੇ ਸਨ, ਜੋ ਸੂਬੇ ਦੇ ਮਿਡ ਨੌਰਥ ਕੋਸਟ 'ਤੇ ਬਲੂਬੇਰੀ, ਰਸਬੇਰੀ ਅਤੇ ਬਲੈਕ ਬੇਰੀ ਉਤਪਾਦਕਾਂ ਲਈ ਪੈਕਿੰਗ ਅਤੇ ਸਪਲਾਈ ਦਾ ਕਾਰੋਬਾਰ ਕਰਦੀ ਹੈ। ਉਨ੍ਹਾਂ ਦੇ ਪਰਿਵਾਰ ਦੀਆਂ ਪੀੜ੍ਹੀਆਂ ਨੇ ਸਾਲ 1890 ਦੇ ਦਹਾਕੇ ਦੌਰਾਨ ਆਸਟਰੇਲੀਆ ਆਉਣ ਤੋਂ ਬਾਅਦ ਕੌਫਸ ਹਾਰਬਰ ਦੇ ਉੱਤਰ ਵਿੱਚ ਵੂਲਗੂਲਗਾ ਟਾਊਨ ਦੇ ਆਲੇ-ਦੁਆਲੇ ਬਾਗਬਾਨੀ ਵਿੱਚ ਕੰਮ ਕੀਤਾ। ਵੂਲਗੂਲਗਾ ਵਿੱਚ ਆਸਟਰੇਲੀਆ ਦਾ ਪਹਿਲਾ ਗੁਰਦੁਆਰਾ ਬਣਿਆ ਸੀ। ਭਾਈਚਾਰੇ ਨੇ ਆਪਣੀ ਇੱਕਜੁੱਟਤਾ ਨਾਲ ਟਾਊਨ ਵਿੱਚ ਪਹਿਲਾ ਆਸਟਰੇਲਿਆਈ ਸਿੱਖ ਇਤਿਹਾਸ ਦਾ ਅਜਾਇਬ ਘਰ ਵੀ ਬਣਾਇਆ ਹੈ। ਵੂਲਗੂਲਗੇ ਦੇ ਵੱਡੇ ਗੁਰਦੁਆਰੇ ਦੇ ਸੇਵਾਦਾਰ ਤੇ ਕੋਆਪਰੇਟਿਵ ਬਲੂਬੇਰੀ ਕਾਸ਼ਤਕਾਰਾਂ ਦੇ ਆਗੂ ਅਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗੁਰਮੇਸ਼ ਸਿੰਘ ਦਾ ਸਾਦਾ ਸੁਭਾਅ ਤੇ ਸਾਫ਼ ਸੁਥਰੀ ਰਾਜਨੀਤੀ ਕਾਰਣ ਉਹ ਬਿਨਾਂ ਮੁਕਾਬਲਾ ਵਿਧਾਨ ਸਭਾ ਦੇ ਆਗੂ ਬਣੇ ਹਨ ਜਿਸ ਨਾਲ ਪੰਜਾਬੀ ਸਿੱਖ ਭਾਈਚਾਰੇ ਦਾ ਨਾਮ ਹੋਰ ਵੀ ਉੱਚਾ ਕੀਤਾ ਹੈ। ਇੱਥੇ ਜ਼ਿਕਰਯੋਗ ਹੋਵੇਗਾ ਕਿ ਆਸਟਰੇਲੀਅਨ ਨੈਸ਼ਨਲਜ਼ ਪਾਰਟੀ ਮੁਲਕ ਦੇ ਰੂਰਲ ਖੇਤਰ ਦੀ ਤਰਜਮਾਨੀ ਕਰਦੀ ਹੈ ।

