ਸਦਰ ਥਾਣੇ ਅੱਗੇ ਦੋ ਧੜਿਆਂ ਵਿਚਾਲੇ ਗੋਲੀਆਂ ਚੱਲੀਆਂ
ਅੱਜ ਇੱਥੇ ਦੁਪਹਿਰ ਵੇਲੇ ਥਾਣਾ ਸਦਰ ਸਾਹਮਣੇ ਨੌਜਵਾਨਾਂ ਦੇ ਦੋ ਧੜਿਆਂ ਦਰਮਿਆਨ ਗੋਲੀਆਂ ਚੱਲ ਗਈਆਂ। ਇਸ ਦੌਰਾਨ ਦੋ ਨੌਜਵਾਨ ਜ਼ਖਮੀ ਹੋ ਗਏ, ਜਦੋਂਕਿ ਅੱਧੀ ਦਰਜਨ ਦੇ ਕਰੀਬ ਵਾਹਨ ਨੁਕਸਾਨੇ ਗਏ। ਦੋਵਾਂ ਧਿਰਾਂ ਵੱਲੋਂ ਚਲਾਈਆਂ ਗੋਲੀਆਂ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਦੋ ਨੌਜਵਾਨ ਧੜਿਆਂ ਵਿੱਚ ਪੁਰਾਣੀ ਰੰਜਿਸ਼ ਸੀ। ਇਸੇ ਰੰਜਿਸ਼ ਕਰਕੇ ਅੱਜ ਦੋਵਾਂ ਧੜਿਆਂ ਦਰਮਿਆਨ ਅਚਾਨਕ ਟਕਰਾਅ ਹੋ ਗਿਆ। ਘਟਨਾ ਤੋਂ ਤੁਰੰਤ ਬਾਅਦ ਮੌਕੇ ’ਤੇ ਪਹੁੰਚੇ ਡੀਐੱਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਜ਼ਖ਼ਮੀ ਗੁਰਲੀਨ ਸਿੰਘ ਅਤੇ ਕਰਨਦੀਪ ਸਿੰਘ ਨੂੰ ਮੈਡੀਕਲ ਕਾਲਜ ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਲੜਾਈ ਵਿੱਚ ਨੁਕਸਾਨੇ ਗਏ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਪੁਲੀਸ ਨੇ ਮੌਕੇ ਤੋਂ ਕਾਰਤੂਸਾਂ ਦੇ ਖਾਲੀ ਖੋਲ ਅਤੇ ਹੋਰ ਅਹਿਮ ਸਬੂਤ ਇਕੱਤਰ ਕੀਤੇ ਹਨ। ਉਨ੍ਹਾਂ ਕਿਹਾ ਕਿ ਘਟਨਾ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਐੱਸਐੱਸਪੀ ਪ੍ਰੱਗਿਆ ਜੈਨ ਨੇ ਕਿਹਾ ਕਿ ਹਥਿਆਰਾਂ ਸਣੇ ਮੌਕੇ ਤੋਂ ਫ਼ਰਾਰ ਹੋਏ ਨੌਜਵਾਨਾਂ ਦੀ ਪੁਲੀਸ ਭਾਲ ਕਰ ਰਹੀ ਹੈ। ਪੁਲੀਸ ਨੇ ਇਸ ਘਟਨਾ ਸਬੰਧੀ ਥਾਣਾ ਸਿਟੀ ਫਰੀਦਕੋਟ ਵਿੱਚ ਕੇਸ ਦਰਜ ਕਰ ਲਿਆ ਹੈ ਅਤੇ ਪੁੱਛਗਿੱਛ ਲਈ ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ।