ਜੀਐੱਸਟੀ ਉਗਰਾਹੀ ਵਿੱਚ 44.4 ਫ਼ੀਸਦ ਦਾ ਵਾਧਾ: ਚੀਮਾ
ਆਤਿਸ਼ ਗੁਪਤਾਚੰਡੀਗੜ੍ਹ, 1 ਜੁਲਾਈ
ਪੰਜਾਬ ਸਰਕਾਰ ਨੇ ਜੂਨ 2025 ਵਿੱਚ ਨਵਾਂ ਰਿਕਾਰਡ ਕਾਇਮ ਕਰਦਿਆਂ ਪਿਛਲੇ ਸਾਲ ਦੇ ਜੂਨ ਮਹੀਨੇ ਦੇ ਮੁਕਾਬਲੇ 44.44 ਫ਼ੀਸਦ ਵੱਧ ਜੀਐੱਸਟੀ ਮਾਲੀਆ ਇਕੱਠਾ ਕੀਤਾ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਵਿੱਤੀ ਵਰ੍ਹੇ 2025-26 ਦੀ ਪਹਿਲੀ ਤਿਮਾਹੀ ਵਿੱਚ ਵੀ ਜੀਐੱਸਟੀ ਕੁਲੈਕਸ਼ਨ ’ਚ 27.01 ਫ਼ੀਸਦ ਦਾ ਵਾਧਾ ਦਰਜ ਕੀਤਾ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੂਨ 2025 ਵਿੱਚ 2379.90 ਕਰੋੜ ਰੁਪਏ ਜੀਐੱਸਟੀ ਮਾਲੀਆ ਇਕੱਠਾ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਨਾਲੋਂ 732.21 ਕਰੋੜ ਰੁਪਏ ਵੱਧ ਹੈ। ਇਸ ਦੌਰਾਨ ਵਿੱਤ ਮੰਤਰੀ ਨੇ ਸੂਬੇ ਵਿੱਚ ਸਭ ਤੋਂ ਵੱਧ ਟੈਕਸ ਦਾ ਭੁਗਤਾਨ ਕਰਨ ਵਾਲੇ ਪੰਜ ਕਰਦਾਤਿਆਂ ਨੂੂੰ ਸਨਮਾਨਿਤ ਵੀ ਕੀਤਾ। ਪਿਛਲੇ ਸਾਲ ਜੂਨ ਮਹੀਨੇ ’ਚ 1647.69 ਕਰੋੜ ਰੁਪਏ ਜੀਐੱਸਟੀ ਪ੍ਰਾਪਤ ਹੋਇਆ ਸੀ। ਉਨ੍ਹਾਂ ਕਿਹਾ ਕਿ ਅਪਰੈਲ ਮਹੀਨੇ ’ਚ 15.35 ਫ਼ੀਸਦ ਤੇ ਮਈ ’ਚ 24.59 ਫ਼ੀਸਦ ਵੱਧ ਜੀਐੱਸਟੀ ਇਕੱਠਾ ਹੋਇਆ ਹੈ। ਇਸ ਤਰ੍ਹਾਂ ਸੂਬਾ ਸਰਕਾਰ ਨੇ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 6,830.40 ਕਰੋੜ ਰੁਪਏ ਜੀਐੱਸਟੀ ਦੇ ਮਾਲੀਏ ਵਜੋਂ ਇਕੱਠੇ ਕੀਤੇ ਹਨ। ਪਿਛਲੇ ਸਾਲ ਪਹਿਲੀ ਤਿਮਾਹੀ ਵਿੱਚ 5,377.75 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਸੀ।
ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਸਰਕਾਰ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਕਰਕੇ ਸੂਬੇ ਦੇ ਵਿੱਤੀ ਹਾਲਾਤ ਵਿਗੜੇ ਹੋਏ ਹਨ ਪਰ ‘ਆਪ’ ਸਰਕਾਰ ਦੀ ਲੋਕ ਪੱਖੀ ਸੋਚ ਸਦਕਾ ਅੱਜ ਸੂਬਾ ਆਰਥਿਕ ਪੱਖੋਂ ਵੀ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ 62,733 ਕਰੋੜ ਰੁਪਏ ਜੀਐੱਸਟੀ ਵਜੋਂ ਇਕੱਠੇ ਹੋਏ ਹਨ, ਜਦਕਿ ਕਾਂਗਰਸ ਸਰਕਾਰ ਦੇ ਪਿਛਲੇ ਪੰਜ ਸਾਲਾਂ ਵਿੱਚ ਸਿਰਫ਼ 55,146 ਕਰੋੜ ਰੁਪਏ ਇਕੱਠੇ ਹੋਏ ਸਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਮਦਨ ਦੇ ਨਵੇਂ ਸਾਧਨ ਵੀ ਤਿਆਰ ਕਰ ਰਹੀ ਹੈ। ਇਸ ਲਈ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਗਾਰੰਟੀ ਰੀਡੈਂਪਸ਼ਨ ਫੰਡ (ਜੀਆਰਐੱਫ) ਅਤੇ ਕੰਸੋਲੀਡੇਟਿਡ ਸਿੰਕਿੰਗ ਫੰਡ (ਸੀਐੱਸਐੱਫ) ਵਿੱਚ 1,000-1,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਸੂਬਾ ਸਰਕਾਰ ਹੁਣ ਤੱਕ ਕੰਸੋਲੀਡੇਟਿਡ ਸਿੰਕਿੰਗ ਫੰਡ ਵਿੱਚ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰ ਚੁੱਕੀ ਹੈ, ਜੋ ਕਿ ਸੱਤਾ ਸੰਭਾਲਣ ਵੇਲੇ ਸਿਰਫ 3,000 ਕਰੋੜ ਰੁਪਏ ਸੀ।
ਪਿਛਲੇ ਕਰਜ਼ੇ ਦਾ ਭੁਗਤਾਨ ਕਰਨ ਲਈ ਲਿਆ ਜਾ ਰਿਹਾ ਨਵਾਂ ਕਰਜ਼ਾ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਲਏ ਗਏ ਕਰਜ਼ੇ ਦੇ ਭੁਗਤਾਨ ਲਈ ਵਿੱਤ ਵਰ੍ਹੇ 2025-26 ਵਿੱਚ 49,900 ਕਰੋੜ ਰੁਪਏ ਉਧਾਰ ਲੈਣ ਦੀ ਯੋਜਨਾ ਬਣਾਈ ਗਈ ਹੈ। ਇਸ ’ਚੋਂ 25,000 ਕਰੋੜ ਰੁਪਏ ਦਾ ਵਿਆਜ ਭੁਗਤਾਨ ਅਤੇ 18,200 ਕਰੋੜ ਰੁਪਏ ਦਾ ਮੂਲ ਭੁਗਤਾਨ ਕੀਤਾ ਜਾਵੇਗਾ। ਇਸੇ ਲਈ ਸੂਬਾ ਸਰਕਾਰ ਨੇ ਮੌਜੂਦਾ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ 8,500 ਕਰੋੜ ਰੁਪਏ ਉਧਾਰ ਲੈਣ ਦੀ ਯੋਜਨਾ ਬਣਾਈ ਹੈ।